ਪੰਜਾਬ ਦੇ ਵੱਖੋ ਵੱਖਰੇ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ।ਹਰ ਰੋਜ਼ ਕਿਧਰੋ ਨਾ ਕਿਧਰੋਂ ਕੁੱਤਿਆਂ ਵੱਲੋਂ ਕਿਸੇ ਬੱਚੇ ਜਾਂ ਵਿਅਕਤੀ ਨੂੰ ਕੱਟਣ (ਨੋਚਣ )ਦੀਆਂ ਖ਼ਬਰਾਂ ਆ ਰਹੀਆਂ ਹਨ।ਜੋ ਬੇਹੱਦ ਖ਼ੌਫ਼ਨਾਕ ਤੇ ਦੁਖਦਾਇਕ ਹਨ। ਜਿਸ ਨੂੰ ਰੋਕੇ ਜਾਣ ਵਾਸਤੇ ਸਰਕਾਰ ਜਾ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਕਦਮ ਨਹੀਂ ਚੁੱਕੇ ਜਾ ਰਹੇ।ਜਿਸਦੀ ਵਜ੍ਹਾ ਨਾਲ ਸੈਂਕੜੇ ਅਜਾਈਂ ਜਾਨਾ ਜਾ ਰਹੀਆਂ ਹਨ।ਅਸੀਂ ਅਖਬਾਰਾਂ ਤੇ ਸ਼ੋਸ਼ਲ ਮੀਡੀਆ ਚ ਆਮ ਪੜ੍ਹਦੇ ਤੇ ਵੇਖਦੇ ਹਾਂ ਕੇ ਕਈ ਥਾਈਂ ਅਵਾਰਾ ਕੁੱਤਿਆਂ ਵੱਲੋਂ ਛੋਟੇ ਛੋਟੇ ਬੱਚਿਆਂ ਨੂੰ ਨੋਚ ਨੋਚ ਕੇ ਮਾਰਿਆ ਜਾਂਦਾ ਹੈ। ਮੇਰੇ ਆਪਣੇ ਸ਼ਹਿਰ ਚ ਬੀਤੇ ਦਿਨੀ ਅਵਾਰਾ ਕੁੱਤਿਆਂ ਵੱਲੋਂ ਇਕ 60 ਸਾਲਾ ਮਹਿਲਾ ਨੂੰ ਬੁਰੀ ਤਰਾਂ ਨੋਚ ਲਿਆ ਗਿਆ।ਕੁੱਤਿਆਂ ਵਲੋਂ ਉਸ ਮਹਿਲਾ ਨੂੰ 15 ਜਗ੍ਹਾ ਤੋ ਬੁਰੀ ਤਰਾਂ ਕੱਟਿਆ ਗਿਆ।ਜਿਸ ਨਾਲ ਉਹ ਬੁਰੀ ਤਰਾਂ ਜਖਮੀ ਹੋ ਗਈ।ਤੇ ਉਸਦੇ 40 ਦੇ ਕਰੀਬ ਟਾਂਕੇ ਲਾਉਣੇ ਪਏ।ਇਸ ਇਕੋ ਦਿਨ ਸਿਵਲ ਹਸਪਤਾਲ ਖੰਨਾ ਵਿਖੇ ਵੱਖ ਵੱਖ 18 ਵਿਅਕਤੀਆਂ ਨੂੰ ਕੁੱਤਿਆਂ ਵੱਲੋਂ ਕੱਟੇ ਜਾਣ ਦੇ ਮਾਮਲੇ ਸਿਵਲ ਹਸਪਤਾਲ ਖੰਨਾ ਵਿਖੇ ਆਏ। ਜਦ ਕੇ ਇਸ ਤੋ ਪਹਿਲਾਂ ਵੀ ਸਾਡੇ ਆਲੇ ਦੁਆਲੇ ਦੇ ਇਲਾਕਿਆਂ ਚ ਆਵਾਰਾਂ ਕੁੱਤਿਆਂ ਵੱਲੋਂ ਇੱਕ ਵਾਰ ਨਹੀਂ ਸਗੋ ਅਨੇਕਾਂ ਵਾਰ ਬੱਚਿਆਂ ਨੂੰ ਬੁਰੀ ਤਰਾਂ ਜਖਮੀ ਕੀਤਾ ਗਿਆ ਹੈ ਤੇ ਕਈ ਵਾਰ ਤਾਂ ਬੱਚਿਆਂ ਦੀ ਮੌਤ ਵੀ ਹੋ ਗਈ ਹੈ।ਜਿਸਦੀ ਪੁਖ਼ਤਾ ਉਦਾਹਰਣ 26 ਜਨਵਰੀ 2022 ਨੂੰ ਖੰਨਾ ਨੇੜਲੇ ਪਿੰਡ ਬਹੁ ਮਾਜਰਾ ਦੇ ਇੱਕ 4 ਸਾਲਾ ਬੱਚੇ ਨੂੰ ,ਜੋ ਖੇਡ ਕੇ ਘਰ ਪਰਤ ਰਿਹਾ ਸੀ,ਇੰਨਾ ਅਵਾਰਾ ਕੁੱਤਿਆਂ ਵੱਲੋਂ ਇਸ ਕਦਰ ਨੋਚਿਆ ਗਿਆ ਕੇ ਉਸ ਦੀ ਮੌਤ ਹੋ ਗਈ।ਇਸੇ ਤਰਾ ਖੰਨਾ ਪਿੰਡ ਨੌਲੜੀ ਦੀ ਇਕ 12 ਸਾਲਾ ਬੱਚੀ ਨੂੰ ਖੇਤ ਤੋ ਆਉਂਦੇ ਵਕਤ ਇੰਨਾ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ।ਇਸੇ ਤਰਾਂ ਜੇ ਮੈਂ ਆਪਣੇ ਸ਼ਹਿਰ ਚ ਪਿਛਲੇ ਸਾਲਾਂ ਦੌਰਾਨ ਕੁੱਤਿਆਂ ਵੱਲੋ ਬੱਚਿਆਂ ਤੇ ਹੋਰਨਾਂ ਵਿਅਕਤੀਆਂ ਨੂੰ ਕੱਟੇ ਜਾਣ ਦੇ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂ ਤਾ ਉਹ ਨਾ ਕੇਵਲ ਹੈਰਾਨੀਜਨਕ ਹਨ ਸਗੋ ਚੌਕਾਆ ਦੇਣ ਵਾਲੇ ਵੀ ਹਨ। ਜਿਵੇਂ ਵਰ੍ਹੇ 2022 ਚ ਇਕੱਲੇ ਸਿਵਲ ਹਸਪਤਾਲ ਖੰਨੇ ਚ ਡੋਗ ਬਾਇਟ ਦੇ 2313 ਮਾਮਲੇ ਆਏ। ਜਦ ਕੇ 2023 ਚ 3009 ਅਤੇ 2024 ਚ 3140 ਮਾਮਲੇ ਆਏ।ਡੋਗ ਬਾਇਟ ਦੇ ਮਾਮਲੇ ਸਾਲ ਦਰ ਸਾਲ ਵਧਦੇ ਜਾ ਰਹੇ ਹਨ। ਜੇ ਪਿਛਲੇ ਵਰ੍ਹੇ 2024 ਦੀ ਗੱਲ ਕਰੀਏ ਤਾਂ ਜਨਵਰੀ ਮਹੀਨੇ ਚ 294,ਫਰਵਰੀ ਚ 293 ,ਮਾਰਚ 250 ,ਅਪ੍ਰੈਲ ਚ 306 ,ਮਈ 321 ,ਜੂਨ ਚ 298 ,ਜੁਲਾਈ 285 ,ਅਗਸਤ 224 ,ਸਤੰਬਰ 188 ,ਅਕਤੂਬਰ ਚ 211 ,ਨਵੰਬਰ ਚ 216 ਮਾਮਲੇ ਆਏ।ਜਦ ਕੇ ਦਸੰਬਰ ਚ 256 ਵਿਅਕਤੀ ਕੁੱਤਿਆਂ ਦੇ ਕੱਟੇ ਜਾਣ ਤੇ ਸਿਵਲ ਹਸਪਤਾਲ ਖੰਨਾ ਚ ਇਲਾਜ ਵਾਸਤੇ ਆਏ। ਅੰਕੜੇ ਦੱਸਦੇ ਹਨ ਕੇ ਪਿਛਲੇ ਤਿੰਨ ਸਾਲਾਂ ਦੌਰਾਨ 8565 ਮਾਮਲੇ ਕੁੱਤਿਆਂ ਦੇ ਕੱਟੇ ਜਾਣ ਦੇ ਸਿਵਲ ਹਸਪਤਾਲ ਖੰਨਾ ਵਿਖੇ ਇਲਾਜ ਲਈ ਆਏ।ਇਸ ਹਿਸਾਬ ਨਾਲ ਜੇ ਪੂਰੇ ਪੰਜਾਬ ਚ ਕੁੱਤਿਆਂ ਦੇ ਕੱਟੇ ਜਾਣ ਦੇ ਅੰਕੜੇ ਇਕੱਠੇ ਕੀਤੇ ਜਾਣ ਤਾ ਉਹ ਹਜ਼ਾਰਾਂ ਚ ਨਹੀਂ ਸਗੋਂ ਲੱਖਾਂ ਨੂੰ ਪਾਰ ਕਰ ਜਾਣਗੇ।ਜੋ ਚਿੰਤਾ ਦਾ ਵਿਸ਼ਾ ਹਨ।
ਅਵਾਰਾ ਕੁੱਤਿਆਂ ਦੇ ਕਹਿਰ ਦਾ ਇੱਕ ਵੱਡਾ ਕਾਰਨ ਜਾਨਵਰਾਂ ਨੂੰ ਲੈ ਕੇ ਸਖਤ ਕਾਨੂੰਨ ਦਾ ਹੋਣਾ ਹੈ।ਕਿਉਂਕੇ 1992ਚ ਮੇਨਕਾ ਗਾਂਧੀ ਵਲੋਂ ਜਾਨਵਰਾਂ ਉੱਤੇ ਹੁੰਦੇ ਅਤਿਆਚਾਰ ਨੂੰ ਲੈ ਕੇ ਪੀਐਫਏ ( ਪੀਪਲਜ਼ ਫਾਰ ਐਨੀਮਲਜ਼ )ਨਾਂਅ ਦੀ ਇੱਕ ਸੰਸਥਾ ਬਣਾਈ ਗਈ ਸੀ। ਜਿਸ ਪਿਛੋ ਨਵਾ ਕਾਨੂੰਨ ਹੋਂਦ ਚ ਆਇਆ। ਜਿਸ ਨਾਲ ਜਾਨਵਰਾਂ ਨੂੰ ਮਾਰਨਾ ਜਾ ਅਪੰਗ ਕਰਨਾ ਗੈਰ ਕਾਨੂੰਨੀ ਅਪਰਾਧ ਹੋ ਗਿਆ ਤੇ ਆਈਪੀਸੀ ਦੀ ਧਾਰਾ 428 ਤੇ 429 ਤਹਿਤ ਇਹ ਅਪਰਾਧ ਕਰਨ ਵਾਲੇ ਨੂੰ ਜੁਰਮਾਨੇ ਤੋ ਇਲਾਵਾ 2 ਸਾਲ ਦੀ ਕੈਦ ਵੀ ਹੋ ਸਕਦੀ ਹੈ। ਜਦ ਕੇ ਇਸ ਤੋ ਪਹਿਲਾ ਕੁੱਤਿਆਂ ਨੂੰ ਗੰਭੀਰ ਬੀਮਾਰੀ ਫੈਲਣ ਤੇ ਜ਼ਹਿਰੀਲੀ ਦਵਾਈ ਪਿਲਾ ਕੇ ਮਾਰ ਦਿੱਤਾ ਜਾਂਦਾ ਸੀ ।ਜਾਂ ਨਸ਼ਬੰਦੀ ਕਰ ਦਿੱਤੀ ਜਾਂਦੀ ਸੀ।ਜਿਸ ਕਰਨ ਉਨ੍ਹਾਂ ਦੀ ਸੰਖਿਆ ਬਹੁਤ ਘੱਟ ਰਹਿੰਦੀ ਸੀ।ਪ੍ਰੰਤੂ ਸ਼ਖ਼ਤ ਕਾਨੂੰਨ ਆਉਣ ਪਿੱਛੋਂ ਅਵਾਰਾ ਕੁੱਤਿਆਂ ਦੀ ਸੰਖਿਆ ਦਿਨ ਪਰ ਦਿਨ ਵਧਦੀ ਜਾਂਦੀ ਹੈ। ਜੋ ਮਨੁੱਖੀ ਜਿੰਦਗੀ ਲਈ ਘਾਤਕ ਸਾਬਤ ਹੋ ਰਹੀ ਹੈ।ਸੋ ਸਵਾਲ ਉੱਠਦਾ ਹੈ ਕੇ ਕਦੋਂ ਤੱਕ ਅਵਾਰਾ ਕੁੱਤਿਆਂ ਦਾ ਇਹ ਆਤੰਕ ਜਾਰੀ ਰਹੇਗਾ?
ਹਾਂ !ਪ੍ਰਸ਼ਾਸਨ ਕੁੱਤਿਆਂ ਦੀ ਨਸ਼ਬੰਦੀ ਕਰ ਸਕਦਾ ਹੈ।ਪਰ ਉਸ ਵੱਲੋਂ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਏ ਜਾਣ ਕਰਕੇ ਇੰਨਾ ਦੀ ਸੰਖਿਆ ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਹਾਲਾਤ ਇਹ ਹਨ ਕੇ ਪੰਜਾਬ ਦੇ ਗਲੀ ਮੁਹੱਲਿਆਂ ਚ ਕੁੱਤਿਆਂ ਦੇ ਝੁੰਡਾ ਦੇ ਝੁੰਡ ਫਿਰਦੇ ਵਿਖਾਈ ਦਿੰਦੇ ਹਨ।ਜੋ ਰਾਹਗੀਰਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਜਖਮੀ ਕਰ ਦਿੰਦੇ ਹਨ। ਕਈ ਵਾਰ ਤਾ ਇਹ ਅਵਾਰਾ ਕੁੱਤੇ ਬੰਦੇ ਦੀ ਜਾਨ ਤੱਕ ਲੈ ਲੈਂਦੇ ਹਨ।ਪੰਜਾਬ ਸਰਕਾਰ ਨੂੰ ਅਵਾਰਾ ਕੁੱਤਿਆਂ ਦੇ ਕਹਿਰ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਜਰੂਰਤ ਹੈ।ਜਿਸ ਵਾਸਤੇ ਸੂਬਾ ਪੱਧਰ ਤੇ ਕੁੱਤਿਆਂ ਦੀ ਨਸਬੰਦੀ ਕੀਤੀ ਜਾਣੀ ਚਾਹੀਦੀ ਹੈ ਤਾ ਕੇ ਇੰਨਾ ਦੀ ਵਧਦੀ ਗਿਣਤੀ ਤੇ ਰੋਕ ਲੱਗ ਸਕੇ।ਇਸ ਤੋ ਇਲਾਵਾ ਲੋਕਾਂ ਨੂੰ ਖੁਦ ਨੂੰ ਵੀ ਅਵਾਰਾ ਕੁੱਤਿਆਂ ਨੂੰ ਲੈ ਕੇ ਜਾਗ੍ਰਿਤ ਹੋਣ ਦੀ ਲੋੜ ਹੈ। ਕਿਉਂਕਿ ਗਲੀ ਮੁਹੱਲਿਆਂ ਚ ਫਿਰਦੇ ਕੁੱਤਿਆਂ ਨੂੰ ਕਦੇ ਵੀ ਰੋਟੀ ਵਗ਼ੈਰਾ ਨਹੀਂ ਪਾਉਣੀ ਚਾਹੀਦੀ। ਕਿਉਕੇ ਬਾਅਦ ਚ ਇਹੋ ਅਵਾਰਾ ਕੁੱਤੇ ਇਨਸਾਨਾਂ ਲਈ ਖਤਰਨਾਕ ਸਾਬਤ ਹੁੰਦੇ ਹਨ। ਸੋ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਇਨ੍ਹਾਂ ਅਵਾਰਾ ਕੁੱਤਿਆਂ ਦੇ ਕਹਿਰ ਨੂੰ ਲੈ ਕੇ ਸੁਚੇਤ ਹੋਣਾ ਪਵੇਗਾ ਤਾਂ ਜੋ ਅਵਾਰਾ ਕੁੱਤਿਆਂ ਦੇ ਆਤੰਕ ਤੋ ਬਚਿਆ ਜਾ ਸਕੇ ।
ਲੈਕਚਰਾਰ ਅਜੀਤ ਖੰਨਾ
( ਐਮ ਏ ,ਐਮ ਫਿਲ ,ਐਮਜੇਐਮਸੀ,ਬੀ ਐਡ )
ਮੋਬਾਈਲ: 76967 54669