ਨਵੀਂ ਦਿੱਲੀ, 24 ਜਨਵਰੀ,ਬੋਲੇ ਪੰਜਾਬ ਬਿਊਰੋ :
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਬੀਤੀ ਰਾਤ ਭਾਰਤ ਦੌਰੇ ਉੱਤੇ ਨਵੀਂ ਦਿੱਲੀ ਪਹੁੰਚੇ। ਇੱਥੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗੇਰੀਟਾ ਨੇ ਕੀਤਾ।
ਰਾਸ਼ਟਰਪਤੀ ਸੁਬਿਆਂਤੋ ਇਸ ਵਾਰ ਭਾਰਤ ਦੇ 76ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨ ਆਏ ਹਨ। ਇਹ ਦੌਰਾ ਸਿਰਫ ਇੱਕ ਸਨਮਾਨ ਸਮਾਰੋਹ ਦੇ ਦਾਇਰੇ ਤੱਕ ਸੀਮਿਤ ਨਹੀਂ, ਸਗੋਂ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਰਣਨੀਤਕ ਅਤੇ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇਕ ਵੱਡਾ ਕਦਮ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੇ ਟਵਿੱਟਰ ਖਾਤੇ ਰਾਹੀਂ ਇਸ ਸਫਰ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਕਿਹਾ, “ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦਾ ਭਾਰਤ ਦੇ ਪਹਿਲੇ ਸਰਕਾਰੀ ਦੌਰੇ ’ਤੇ ਨਿੱਘਾ ਸਵਾਗਤ। ਇਹ ਦੌਰਾ ਦੋਵੇਂ ਦੇਸ਼ਾਂ ਦੇ ਵਿਚਕਾਰ ਦੋਸਤਾਨਾ ਸਬੰਧਾਂ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਵੇਗਾ।”