ਮੋਗਾ, 24 ਜਨਵਰੀ,ਬੋਲੇ ਪੰਜਾਬ ਬਿਊਰੋ :
ਸਿਹਤ ਵਿਭਾਗ ਦੀ ਡਰੱਗ ਬ੍ਰਾਂਚ ਟੀਮ ਵੱਲੋਂ ਸ਼ਹਿਰ ਵਿਚ ਸਥਿਤ ਗੁਰੂ ਅਮਰਦਾਸ ਮੈਡੀਕਲ ਸਟੋਰ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਨੇ ਇੱਥੇ ਨਾਰਕੋਟਿਕ ਸੈਲ ਟੀਮ ਦੀ ਮੌਜੂਦਗੀ ਵਿੱਚ ਫਲੂਪੈਂਟਿਨ ਦੇ 1200 ਕੈਪਸੂਲ ਬਰਾਮਦ ਕੀਤੇ ਹਨ।
ਇਹ ਕੈਪਸੂਲ ਨਸ਼ਾ ਕਰਨ ਵਾਲੇ ਲੋਕ ਨਸ਼ੇ ਲਈ ਵਰਤਣ ਲੱਗ ਪਏ ਹਨ। ਡਰੱਗ ਇੰਸਪੈਕਟਰ ਮੋਗਾ ਬਲਾਕ-1 ਨਵਦੀਪ ਸੰਧੂ ਅਤੇ ਡਰੱਗ ਇੰਸਪੈਕਟਰ ਮੋਗਾ ਬਲਾਕ-2 ਰਵੀ ਗੁਪਤਾ ਨੇ ਦੱਸਿਆ ਕਿ ਮੈਡੀਕਲ ਸਟੋਰ ਦੇ ਮਾਲਕ ਇਹ ਦਵਾਈਆਂ ਖਰੀਦਣ ਦੇ ਬਿਲ ਨਹੀਂ ਦਿਖਾ ਸਕੇ। ਇਸ ਕਰਕੇ ਇਹ ਕੈਪਸੂਲ ਜਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੈਡੀਕਲ ਸਟੋਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਅਮਰਦਾਸ ਮੈਡੀਕਲ ਸਟੋਰ ਤੋਂ ਹੋਰ ਮੈਡੀਕਲ ਸਟੋਰਾਂ ਨੂੰ ਨਸ਼ੀਲੀਆਂ ਦਵਾਈਆਂ ਸਪਲਾਈ ਕਰਨ ਬਾਰੇ ਜਾਣਕਾਰੀ ਮਿਲੀ ਹੈ।