ਚੰਡੀਗੜ੍ਹ, 24 ਜਨਵਰੀ, ਬੋਲੇ ਪੰਜਾਬ ਬਿਊਰੋ :
ਫੋਰਟਿਸ ਹਸਪਤਾਲ, ਮੋਹਾਲੀ ਨੇ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਪੀਐਚਡੀਸੀਸੀਆਈ) ਦੇ ਐਸਐਚਈ ਫੋਰਮ ਦੇ ਸਹਿਯੋਗ ਨਾਲ ਅੱਜ ਪੀਐਚਡੀ ਹਾਊਸ ਵਿੱਚ ‘ਔਰਤਾਂ ਦੀ ਸਿਹਤ ਦੀ ਦੇਖਭਾਲ’ ਵਿਸ਼ੇ ’ਤੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਦਾ ਆਯੋਜਨ ਕੀਤਾ। ਇਹ ਸੈਸ਼ਨ ਵਿਸ਼ੇਸ਼ ਤੌਰ ’ਤੇ ਸਰਵਾਈਕਲ ਕੈਂਸਰ ਦੀ ਰੋਕਥਾਮ ’ਤੇ ਕੇਂਦ੍ਰਿਤ ਸੀ, ਜਿਸ ਬਾਰੇ ਫੋਰਟਿਸ ਹਸਪਤਾਲ, ਮੋਹਾਲੀ ਦੇ ਗਾਇਨੀ ਓਨਕੋ ਸਰਜਰੀ ਸਪੈਸ਼ਲਿਸਟ ਡਾ. ਸ਼ਵੇਤਾ ਤਹਿਲਨ ਨੇ ਜਾਣਕਾਰੀ ਦਿੱਤੀ।
ਡਾ. ਸ਼ਵੇਤਾ ਨੇ ਸਰਵਾਈਕਲ ਕੈਂਸਰ ਦੀ ਰੋਕਥਾਮ ਵਿੱਚ ਨਵੀਨਤਮ ਤਰੱਕੀਆਂ ’ਤੇ ਚਾਨਣਾ ਪਾਇਆ, ਨਿਯਮਤ ਜਾਂਚ, ਜਲਦੀ ਪਤਾ ਲਗਾਉਣ ਅਤੇ ਸਮੇਂ ਸਿਰ ਟੀਕਾਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਗਾਇਨੀ ਓਨਕੋਲੋਜੀ ਦੇ ਖੇਤਰ ਵਿੱਚ ਇੱਕ ਮੋਹਰੀ ਮਾਹਰ ਹੋਣ ਦੇ ਨਾਤੇ, ਉਨ੍ਹਾਂ ਦੇ ਭਾਸ਼ਣ ਨੇ ਸਰਵਾਈਕਲ ਕੈਂਸਰ ਦੀ ਰੋਕਥਾਮ ਅਤੇ ਸ਼ੁਰੂਆਤੀ ਪ੍ਰਬੰਧਨ ਬਾਰੇ ਮਹੱਤਵਪੂਰਨ ਸਮਝ ਪ੍ਰਦਾਨ ਕੀਤੀ। ਇਹ ਔਰਤਾਂ ਵਿੱਚ ਸਭ ਤੋਂ ਆਮ ਕੈਂਸਰਾਂ ਵਿੱਚੋਂ ਇੱਕ ਹੈ, ਜਿਸਦੇ ਹਰ ਸਾਲ ਦੁਨੀਆ ਭਰ ਵਿੱਚ 1.2 ਲੱਖ ਨਵੇਂ ਕੇਸ ਸਾਹਮਣੇ ਆਉਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਪੜਾਅ ਦੇ ਸਰਵਾਈਕਲ ਕੈਂਸਰ ਦਾ ਇਲਾਜ ਅਕਸਰ ਸਿਰਫ਼ ਸਰਜਰੀ ਰਾਹੀਂ ਕੀਤਾ ਜਾ ਸਕਦਾ ਹੈ ਅਤੇ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਤੋਂ ਬਚਿਆ ਜਾ ਸਕਦਾ ਹੈ। ਇਸਦੇ ਲੱਛਣਾਂ ਵਿੱਚ ਸੈਕਸ ਤੋਂ ਬਾਅਦ ਜਾਂ ਮਾਹਵਾਰੀ ਦੇ ਵਿਚਕਾਰ ਖੂਨ ਵਗਣਾ, ਅਨਿਯਮਿਤ ਮਾਹਵਾਰੀ, ਮੀਨੋਪੌਜ਼ ਤੋਂ ਬਾਅਦ ਖੂਨ ਵਗਣਾ, ਲਗਾਤਾਰ ਜਾਂ ਬਦਬੂਦਾਰ ਯੋਨੀ ਨਿਕਾਸ ਅਤੇ ਪੇਲਵਿਕ ਵਿੱਚ ਦਰਦ ਸ਼ਾਮਿਲ ਹੋ ਸਕਦੇ ਹਨ।
ਸਰਵਾਈਕਲ ਕੈਂਸਰ ਦੀ ਜਾਂਚ ਲਈ ਵੱਖ-ਵੱਖ ਟੈਸਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ, ਡਾ. ਤਹਿਲਾਨ ਨੇ ਕਿਹਾ ਕਿ ਇਨ੍ਹਾਂ ਟੈਸਟਾਂ ਵਿੱਚ ਪੈਪ ਸਮੀਅਰ, ਐਚਆਰਐਚਪੀਵੀ ਟੈਸਟ, ਐਸੀਟਿਕ ਐਸਿਡ ਨਾਲ ਵੀਆਈਏ, ਅਤੇ ਵੀਆਈਏ ਪੋਸਟ ਵੀਆਈਐਲਆਈ ਸ਼ਾਮਿਲ ਹਨ। ਸਰਵਾਈਕਲ ਕੈਂਸਰ ਤੋਂ ਪਹਿਲਾਂ ਦੇ ਪੜਾਵਾਂ ਦਾ ਪਤਾ ਲਗਾਉਣ ਲਈ ਕੋਲਪੋਸਕੋਪੀ ਕੀਤੀ ਜਾਂਦੀ ਹੈ, ਜਿਸਨੂੰ ਸਰਲ ਸਰਜੀਕਲ ਪ੍ਰਕਿਰਿਆਵਾਂ ਰਾਹੀਂ ਠੀਕ ਕੀਤਾ ਜਾ ਸਕਦਾ ਹੈ। ਹੋਰ ਗਾਇਨੀਕੋਲੋਜੀਕਲ ਕੈਂਸਰਾਂ ਲਈ ਕੋਈ ਨਿਯਮਤ ਸਕ੍ਰੀਨਿੰਗ ਟੈਸਟ ਉਪਲੱਬਧ ਨਹੀਂ ਹਨ। ਇਸ ਲਈ, ਜੇਕਰ ਤੁਹਾਨੂੰ ਕੋਈ ਚੇਤਾਵਨੀ ਦੇ ਸੰਕੇਤ ਨਜ਼ਰ ਆਉਂਦੇ ਹਨ ਤਾਂ ਜਿੰਨੀ ਜਲਦੀ ਹੋ ਸਕੇ ਡਾਕਟਰ ਨਾਲ ਸਲਾਹ ਕਰਨਾ ਬਹੁਤ ਜ਼ਰੂਰੀ ਹੈ।
25 ਤੋਂ 65 ਸਾਲ ਦੀ ਉਮਰ ਦੀਆਂ ਸਾਰੀਆਂ ਔਰਤਾਂ ਲਈ ਸਿਫਾਰਸ਼ ਕੀਤੀ ਜਾਂਦੀ ਨਿਯਮਤ ਸਕ੍ਰੀਨਿੰਗ ਦੇ ਫਾਇਦਿਆਂ ਬਾਰੇ ਚਰਚਾ ਕਰਦੇ ਹੋਏ, ਡਾ. ਤਹਿਲਾਨ ਨੇ ਦੱਸਿਆ ਕਿ ਸਰਵਾਈਕਲ ਕੈਂਸਰ ਦੇ ਵਿਕਸਿਤ ਹੋਣ ਤੋਂ ਪਹਿਲਾਂ, ਇੱਕ ਲੰਮਾ ਪ੍ਰੀ-ਕੈਂਸਰ ਵਾਲਾ ਪੜਾਅ ਹੁੰਦਾ ਹੈ, ਜਿਸ ਵਿੱਚ ਸਰੀਰ ਵਿੱਚ ਅਸਧਾਰਨ ਸੈੱਲ ਮੌਜੂਦ ਹੁੰਦੇ ਹਨ, ਪਰ ਕੈਂਸਰ ਹਾਲੇ ਤੱਕ ਵਿਕਸਤ ਨਹੀਂ ਹੋਇਆ ਹੁੰਦਾ। ਇਸ ਪੜਾਅ ’ਤੇ, ਮਰੀਜ਼ ਦਾ ਪੂਰੀ ਤਰ੍ਹਾਂ ਇਲਾਜ ਸਧਾਰਨ ਸਰਜੀਕਲ ਪ੍ਰਕਿਰਿਆਵਾਂ ਜਿਵੇਂ ਕਿ ਲੂਪ ਇਲੈਕਟਰੋਸਰਜੀਕਲ ਐਕਸਾਈਜ਼ਨ ਪ੍ਰਕਿਰਿਆ (ਐਲਈਈਪੀ) ਅਤੇ ਕੋਨ ਬਾਇਓਪਸੀ (ਸਰਵਿਕਸ ਤੋਂ ਅਸਧਾਰਨ ਟਿਸ਼ੂ ਨੂੰ ਹਟਾਉਣ ਲਈ ਸਰਜਰੀ) ਰਾਹੀਂ ਕੀਤਾ ਜਾ ਸਕਦਾ ਹੈ। ਇਸ ਨਾਲ ਰੈਡੀਕਲ ਹਿਸਟਰੇਕਟੋਮੀ (ਬੱਚੇਦਾਨੀ ਅਤੇ ਅੰਡਕੋਸ਼ ਨੂੰ ਹਟਾਉਣ ਲਈ ਸਰਜਰੀ) ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਅਤੇ ਬੱਚੇਦਾਨੀ ਅਤੇ ਅੰਡਕੋਸ਼ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਡਾ. ਤਹਿਲਾਨ ਨੇ ਸਰਵਾਈਕਲ ਕੈਂਸਰ ਨਾਲ ਲੜਨ ਵਿੱਚ ਐਚਪੀਵੀ ਟੀਕਾਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁੜੀਆਂ ਲਈ ਟੀਕਾਕਰਨ ਦਾ ਆਦਰਸ਼ ਸਮਾਂ 9 ਤੋਂ 14 ਸਾਲ ਦੀ ਉਮਰ ਦੇ ਵਿਚਕਾਰ ਹੈ, ਹਾਲਾਂਕਿ ਕੈਚ-ਅੱਪ ਟੀਕਾਕਰਨ 26 ਸਾਲ ਦੀ ਉਮਰ ਤੱਕ ਕੀਤਾ ਜਾ ਸਕਦਾ ਹੈ। ਬਚਪਨ ਜਾਂ ਕਿਸ਼ੋਰ ਅਵਸਥਾ ਵਿੱਚ ਕੀਤਾ ਗਿਆ ਟੀਕਾਕਰਨ ਜੀਵਨ ਦੇ ਬਾਅਦ ਦੇ ਸਾਲਾਂ ਵਿੱਚ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਦਾ ਹੈ।