ਲੁਧਿਆਣਾ, 24 ਜਨਵਰੀ,ਬੋਲੇ ਪੰਜਾਬ ਬਿਊਰੋ :
ਯੂ.ਕੇ. ਤੋਂ ਲੁਧਿਆਣਾ ਘੁੰਮਣ ਆਏ ਵਿਦੇਸ਼ੀ ਨਾਗਰਿਕ ਤੋਂ ਬਾਈਕ ਸਵਾਰ 2 ਲੁਟੇਰੇ ਮੋਬਾਈਲ ਖੋਹ ਕੇ ਲੈ ਗਏ। ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁਟੇਰਿਆਂ ਨੂੰ ਕਾਬੂ ਕਰ ਕੇ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਬਰਾਮਦ ਕਰ ਲਿਆ ਅਤੇ ਜੇ.ਸੀ.ਪੀ. ਸ਼ੁਭਮ ਅਗਰਵਾਲ ਨੇ ਉਸਨੂੰ ਮੋਬਾਈਲ ਵਾਪਸ ਕੀਤਾ। ਮੋਬਾਈਲ ਲੈਣ ਤੋਂ ਬਾਅਦ, ਜਿੱਥੇ ਵਿਦੇਸ਼ੀ ਨਾਗਰਿਕ ਨੇ ਖੁਸ਼ੀ ਜਤਾਈ, ਉਥੇ ਹੀ ਉਸਨੇ ਕਮਿਸ਼ਨਰੇਟ ਪੁਲਿਸ ਦਾ ਧੰਨਵਾਦ ਵੀ ਕੀਤਾ।
ਦਰਅਸਲ, ਪਿਛਲੇ ਦਿਨ ਇੱਕ ਵਿਦੇਸ਼ੀ ਵਿਅਕਤੀ ਤੋਂ ਪਾਰਕ ਪਲਾਜ਼ਾ ਦੇ ਨੇੜੇ ਇੱਕ ਲੁਟੇਰਿਆਂ ਵੱਲੋਂ ਲੁਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਤੋਂ ਬਾਅਦ ਥਾਣਾ ਡਿਵਿਜਨ ਨੰਬਰ 5 ਵਲੋਂ ਤੁਰੰਤ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਨਾਲ ਹੀ ਵਿਦੇਸ਼ੀ ਵਿਅਕਤੀ ਦਾ ਖੋਹਿਆ ਹੋਇਆ ਮੋਬਾਈਲ ਵੀ ਉਸਨੂੰ ਵਾਪਸ ਦਿਵਾਇਆ ਗਿਆ।
ਜੁਆਂਇਟ ਪੁਲਿਸ ਕਮਿਸ਼ਨਰ ਸਿਟੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੈਥਿਊ ਯੂ.ਕੇ. ਦਾ ਰਹਿਣ ਵਾਲਾ ਹੈ ਅਤੇ 8 ਜਨਵਰੀ ਨੂੰ ਲੁਧਿਆਣਾ ਘੁੰਮਣ ਆਇਆ ਸੀ। ਉਹ ਹੋਟਲ ਪਾਰਕ ਪਲਾਜ਼ਾ ਵਿਚ ਰਹਿ ਰਿਹਾ ਸੀ। 19 ਜਨਵਰੀ ਨੂੰ ਜਦੋਂ ਉਹ ਪਾਰਕ ਪਲਾਜ਼ਾ ਦੇ ਬਾਹਰ ਸੈਰ ਕਰ ਰਿਹਾ ਸੀ, ਤਦੋਂ ਬਾਈਕ ਸਵਾਰ 2 ਲੁਟੇਰਿਆਂ ਨੇ ਉਸਦਾ ਮੋਬਾਈਲ ਖੋਹ ਲਿਆ। ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ, ਥਾਣਾ ਡਿਵੀਜਨ ਨੰਬਰ 5 ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ, 5 ਦਿਨਾਂ ਵਿੱਚ ਚੌਕੀ ਕੋਚਰ ਮਾਰਕੀਟ ਦੇ ਇੰਚਾਰਜ ਧਰਮਪਾਲ ਕੁਮਾਰ ਨੇ ਮੁਲਜ਼ਮ ਨੂੰ ਫੜ ਲਿਆ। ਗ੍ਰਿਫ਼ਤਾਰ ਕੀਤੇ ਗਏ ਲੁਟੇਰੇ ਦਾ ਨਾਮ ਆਕਾਸ਼ ਹੈ ਅਤੇ ਉਹ ਗੁਰਦੇਵ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਲੁਟੇਰੇ ਤੋਂ ਵਾਰਦਾਤ ਵਿਚ ਵਰਤੀ ਗਈ ਬਾਈਕ ਅਤੇ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਬਰਾਮਦ ਕਰ ਲਿਆ।