ਬੈਂਗਲੁਰੂ, 22 ਜਨਵਰੀ,ਬੋਲੇ ਪੰਜਾਬ ਬਿਊਰੋ :
ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਔਰਤ ਦੇ ਗਹਿਣੇ, ਨਕਦੀ ਅਤੇ ਮੋਬਾਈਲ ਫੋਨ ਵੀ ਲੁੱਟ ਲਿਆ। ਬੈਂਗਲੁਰੂ ਦੇ ਕੇਆਰ ਮਾਰਕਿਟ ‘ਚ ਬੱਸ ਦਾ ਇੰਤਜ਼ਾਰ ਕਰ ਰਹੀ ਔਰਤ ਨਾਲ ਦਰਿੰਦਗੀ ਹੋਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਪੀੜਤਾ ਨੇ ਸੈਂਟਰਲ ਡਿਵੀਜ਼ਨ ਮਹਿਲਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਐਤਵਾਰ ਰਾਤ ਕਰੀਬ 11.30 ਵਜੇ ਵਾਪਰੀ। ਘਟਨਾ ਦੇ ਸਮੇਂ ਔਰਤ ਬੈਂਗਲੁਰੂ ਦੇ ਕੇਆਰ ਮਾਰਕੀਟ ਇਲਾਕੇ ਵਿੱਚ ਗੋਦਾਮ ਗਲੀ ਦੇ ਕੋਲ ਸੀ। ਪੁਲਿਸ ਨੇ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਔਰਤ ਯੇਲਾਹੰਕਾ ਇਲਾਕੇ ਜਾਣ ਲਈ ਰਾਤ ਨੂੰ ਬੱਸ ਦੀ ਉਡੀਕ ਕਰ ਰਹੀ ਸੀ। ਪੀੜਤਾ ਨੇ ਮੁਲਜ਼ਮ ਨੂੰ ਬੱਸ ਬਾਰੇ ਪੁੱਛਿਆ ਸੀ।
ਇਸ ਦਾ ਫ਼ਾਇਦਾ ਉਠਾਉਂਦੇ ਹੋਏ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਬੱਸ ਕਿੱਥੇ ਰੁਕਦੀ ਹੈ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਔਰਤ ਨੇ ਦੱਸਿਆ ਕਿ ਦੋਸ਼ੀ ਉਸ ਨੂੰ ਗੋਦਾਮ ਵਾਲੀ ਗਲੀ ‘ਚ ਲੈ ਗਏ ਜਿੱਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਔਰਤ ਨੇ ਦੱਸਿਆ ਕਿ ਮੁਲਜ਼ਮ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਗਹਿਣੇ, ਨਕਦੀ ਅਤੇ ਮੋਬਾਈਲ ਫ਼ੋਨ ਲੈ ਕੇ ਫ਼ਰਾਰ ਹੋ ਗਏ। ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਪੂਰੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।