ਚੰਡੀਗੜ੍ਹ, 22 ਜਨਵਰੀ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਸੂਬੇ ਵਿੱਚ ਨਸ਼ਿਆਂ ਦੇ ਕੋਹੜ ਨੂੰ ਕੱਢਣ ਅਤੇ ਰਿਸ਼ਟਪੁਸ਼ਟ ਪੰਜਾਬ ਬਣਾਉਣ ਦੇ ਮੱਦੇਨਜ਼ਰ ਐਨ.ਜੀ.ਓ. ਨਾਰਕੋਟਿਕਸ ਅਨੌਨਿਮਸ (ਐਨ.ਏ.) ਦੇ ਸਹਿਯੋਗ ਨਾਲ ਇੱਕ ਨਵੀਂ ਪਹਿਲ ਕੀਤੀ ਹੈ।
ਮੰਤਰੀ ਨੇ ਇਹ ਜਾਣਕਾਰੀ ਐਨ.ਏ. ਦੇ ਸੂਬਾ ਪੱਧਰੀ ਮੈਂਬਰਾਂ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਅਹਿਮ ਤੇ ਨਵੇਕਲਾ ਕਦਮ ਨਾ ਕੇਵਲ ਨਸ਼ਾ ਛੱਡਣ ਬਾਰੇ ਪ੍ਰਚੱਲਿਤ ਮਿੱਥਾਂ ਅਤੇ ਗ਼ਲਤ-ਫਹਿਮੀਆਂ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ ਸਗੋਂ ਨਸ਼ਿਆਂ ਦੀ ਆਦਤ ਬਾਰੇ ਖੁੱਲ੍ਹੀ ਤੇ ਨਿਰੋਲ ਚਰਚਾ ਨੂੰ ਵੀ ਉਤਸ਼ਾਹਿਤ ਕਰੇਗਾ ਤਾਂ ਜੋ ਨਸ਼ਾਗ੍ਰਸਤ ਵਿਅਕਤੀਆਂ ਨੂੰ ਹਮਦਰਦੀ ਅਤੇ ਸਮਝ-ਬੂਝ ਨਾਲ ਫਿਰ ਤੋਂ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾਖ਼ੋਰੀ, ਪੰਜਾਬ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਨਸ਼ਿਆਂ ਦੀ ਵਰਤੋਂ ਨਾ ਸਿਰਫ਼ ਸਮਾਜਿਕ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ, ਬਲਕਿ ਟੀਕੇ ਰਾਹੀਂ ਨਸ਼ਾ ਕਰਨ ਵਾਲਿਆਂ ਲਈ ਐੱਚ.ਆਈ.ਵੀ., ਐਚ.ਸੀ.ਵੀ. ਅਤੇ ਟੀ.ਬੀ. ਵਰਗੀਆਂ ਹੋਰ ਖ਼ਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ ।
ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਮੁਫ਼ਤ ਨਸ਼ਾ ਛੁਡਾਊ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਭ ਤੋਂ ਅੱਗੇ ਹੈ ਕਿਉਂਕਿ ਸੂਬੇ ਵਿੱਚ 529 ਓਟ ਕਲੀਨਿਕ, 36 ਇਲਾਜ ਕੇਂਦਰ ਅਤੇ 19 ਮੁੜ ਵਸੇਬਾ ਕੇਂਦਰ ਕਾਰਜਸ਼ੀਲ ਹਨ। ਉਨ੍ਹਾਂ ਨੇ ਨਸ਼ਾ ਪੀੜਤ ਮਰੀਜ਼ਾਂ ਦੇ ਰੀਲੈਪਸ ਰੇਟ ਨੂੰ ਘਟਾਉਣ ਲਈ ਮੁੜ ਵਸੇਬੇ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਐਨ.ਏ. ਮੋਹਰੀ ਭੂਮਿਕਾ ਨਿਭਾ ਸਕਦਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਹ ਭਾਈਵਾਲੀ ਰਾਜ ਵਿੱਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਬਹੁਤ ਮਦਦਗਾਰ ਸਿੱਧ ਹੋਵੇਗੀ।
ਐਨ.ਏ. ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ, ਸਹਾਇਕ ਨਿਰਦੇਸ਼ਕ (ਮਾਨਸਿਕ ਸਿਹਤ) ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਨਸ਼ਾਗ੍ਰਸਤ ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰ ਨਾਲੋਂ ਆਪਣੇ ਸੰਗੀ-ਸਾਥੀਆਂ ਨਾਲ ਜ਼ਿਆਦਾ ਖੁੱਲ੍ਹ ਕੇ ਗੱਲ ਕਰਦੇ ਹਨ। ਉਨ੍ਹਾਂ ਅੱਗੇ ਕਿਹਾ, ’’ ਇਹ ਉਹ ਜ਼ਰੀਆ ਹੈ ਜਿਸ ਰਾਹੀਂ ਐਨ.ਏ. ਦੇ ਪੀਅਰ ਐਜੂਕੇਟਰ ਨਸ਼ਾ ਛੁਡਾਊ ਦੇ ਰਾਹ ਵਿੱਚ ਨਸ਼ਾ ਪੀੜਤਾਂ ਨੂੰ ਆਉਣ ਵਾਲੀਆਂ ਰੁਕਾਵਟਾਂ ਨਾਲ ਨਜਿੱਠਣ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।’’
ਸਹਾਇਕ ਨਿਰਦੇਸ਼ਕ ਡਾ. ਮੰਜੂ ਬਾਂਸਲ ਅਤੇ ਮੈਡੀਕਲ ਅਫਸਰ ਡਾ. ਹਰਪਾਲ ਸਿੰਘ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।
ਐਨ.ਏ. ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਵਿੱਚ ਆਪਣੇ ਸੁਹਿਰਦ ਸਹਿਯੋਗ ਦਾ ਭਰੋਸਾ ਦਿੱਤਾ।