ਦਸੂਹਾ, 21 ਜਨਵਰੀ,ਬੋਲੇ ਪੰਜਾਬ ਬਿਊਰੋ :
ਬੀਤੇ ਕੱਲ੍ਹ ਸ਼ਾਮੀਂ ਕਰੀਬ 7:30 ਵਜੇ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬਸ ਦਾ ਟਾਇਰ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਦੇ ਨੇੜੇ ਫਟ ਗਿਆ। ਇਸ ਕਾਰਨ ਬਸ ਦੀਆਂ ਅਗਲੀਆਂ ਸੀਟਾਂ ਤੇ ਬੈਠੀਆਂ 2 ਮਹਿਲਾਵਾਂ ਦੀ ਇੱਕ-ਇੱਕ ਲੱਤ ਟੁੱਟ ਗਈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ।
ਜਾਣਕਾਰੀ ਮੁਤਾਬਕ, ਜਦੋਂ ਇਸ ਬਸ ਦਾ ਟਾਇਰ ਫੱਟਿਆ ਤਾਂ ਬਸ ਦੇ ਅੰਦਰ ਚੀਖਨ-ਪੁਕਾਰ ਮਚ ਗਈ। ਤੁਰੰਤ ਐਂਬੂਲੈਂਸ ਬੁਲਾ ਕੇ ਗੰਭੀਰ ਰੂਪ ਵਿੱਚ ਜ਼ਖਮੀ ਮਹਿਲਾਵਾਂ, ਪਰਮਜੀਤ ਕੌਰ ਪਤਨੀ ਜਗਿੰਦਰ ਸਿੰਘ ਨਿਵਾਸੀ ਕਲਾਨੌਰ ਉਮਰ 53 ਸਾਲ ਅਤੇ ਗੁਰਵਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਨਿਵਾਸੀ ਮੁਕੇਰੀਆਂ ਉਮਰ 52 ਸਾਲ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਹਸਪਤਾਲ ਦੇ ਐੱਸ.ਐਮ.ਓ. ਡਾ. ਮਨਮੋਹਨ ਸਿੰਘ ਅਤੇ ਡਾ. ਸਿਮਰਪ੍ਰੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਸਿਰਫ 2 ਜ਼ਖਮੀ ਮਹਿਲਾਵਾਂ ਪਹੁੰਚੀਆਂ ਹਨ ਅਤੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।