ਚੰਡੀਗੜ੍ਹ, 21 ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ 1993 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਕੇ. ਸ਼ਿਵ ਪ੍ਰਸਾਦ ਦੇ ਵੋਲੰਟਰੀ ਰਿਟਾਇਰਮੈਂਟ (ਵੀ.ਆਰ.ਐਸ.) ਦੀ ਅਰਜ਼ੀ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਉਹ ਇਸ ਸਮੇਂ ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਹਨ। ਕੇ. ਸ਼ਿਵ ਪ੍ਰਸਾਦ ਨੂੰ 2030 ਵਿੱਚ ਰਿਟਾਇਰ ਹੋਣਾ ਸੀ, ਪਰ ਹੁਣ 28 ਫਰਵਰੀ ਉਨ੍ਹਾਂ ਦੀ ਨੌਕਰੀ ਦਾ ਆਖਰੀ ਦਿਨ ਹੋਵੇਗਾ।
ਇਸ ਤੋਂ ਪਹਿਲਾਂ, ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਵੀ.ਆਰ.ਐਸ. ਲਈ ਅਰਜ਼ੀ ਦਿੱਤੀ ਸੀ, ਪਰ ਬਾਅਦ ਵਿੱਚ ਉਹਨਾਂ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਸੀ। ਇਸ ਵਾਰ ਉਨ੍ਹਾਂ ਨੇ ਦਸੰਬਰ 2024 ਵਿੱਚ ਅਰਜ਼ੀ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਅਰਜ਼ੀ ਵਾਪਸ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਫੈਸਲੇ ’ਤੇ ਕਾਇਮ ਰਹੇ। ਆਖਿਰਕਾਰ, ਕੇਂਦਰ ਸਰਕਾਰ ਨੇ ਵੀ ਵੀ.ਆਰ.ਐਸ. ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਅਤੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਅਤੇ ਪ੍ਰਸਾਦ ਨੂੰ ਈਮੇਲ ਰਾਹੀਂ ਸੂਚਨਾ ਦਿੱਤੀ ਹੈ।
ਪ੍ਰਸਾਦ ਲੋਕ ਸਭਾ ਦੇ ਸਾਬਕਾ ਸਪੀਕਰ ਜੀ.ਐਮ.ਸੀ. ਬਾਲਯੋਗੀ ਦੇ ਰਿਸ਼ਤੇਦਾਰ ਵੀ ਹਨ। ਉਮੀਦ ਹੈ ਕਿ ਉਹ ਕਿਸੇ ਐਨ.ਜੀ.ਓ. ਨਾਲ ਜੁੜਣਗੇ। ਪ੍ਰਸਾਦ ਆਪਣੀ ਸਾਹਿਤਿਕ ਰੁਚੀ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਧੁਨਿਕ ਜੀਵਨ ਵਿੱਚ ਭਗਵਤ ਗੀਤਾ ਦੇ ਪ੍ਰਭਾਵ ’ਤੇ ਇੱਕ ਕਿਤਾਬ ਵੀ ਲਿਖੀ ਹੈ।