ਚੰਡੀਗੜ੍ਹ, 21ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਨੇ ਡਾਕਟਰਾਂ ਦੀ ਤਨਖਾਹ ‘ਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪਿਛਲੇ ਲੰਬੇ ਸਮੇਂ ਤੋਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਦਿਆਂ ਸਰਕਾਰ ਨੇ ਸਰਕਾਰੀ ਡਾਕਟਰਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਹੈ। ਵਿੱਤ ਵਿਭਾਗ ਨੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਸਿਹਤ ਵਿਭਾਗ ਦੇ ਮੈਡੀਕਲ ਅਫਸਰਾਂ ਲਈ ਸੋਧੀ ਹੋਈ ਐਸ਼ੋਰਡ ਕਰੀਅਰ ਪ੍ਰੋਗਰੈਸਨ ਸਕੀਮ (ਐਮ.ਏ.ਸੀ.ਪੀ ਸਕੀਮ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦੇ ਤਹਿਤ, ਮੈਡੀਕਲ ਅਫਸਰਾਂ ਨੂੰ ਉਨ੍ਹਾਂ ਦੀ ਸੇਵਾ ਦੌਰਾਨ ਤਨਖਾਹ ਵਿਚ ਵਾਧਾ ਦਿੱਤਾ ਜਾਵੇਗਾ। ਜਿਸਦੇ ਤਹਿਤ ਨਿਯੁਕਤੀ ਸਮੇਂ ਡਾਕਟਰਾਂ ਨੂੰ 56,100 ਰੁਪਏ ਪ੍ਰਤੀ ਮਹੀਨਾ, 5 ਸਾਲ ਦੀ ਸੇਵਾ ਤੋਂ ਬਾਅਦ 67,400 ਰੁਪਏ ਪ੍ਰਤੀ ਮਹੀਨਾ, 10 ਸਾਲ ਦੀ ਸੇਵਾ ਤੋਂ ਬਾਅਦ 83,600 ਰੁਪਏ ਪ੍ਰਤੀ ਮਹੀਨਾ, 15 ਸਾਲ ਦੀ ਸੇਵਾ ਤੋਂ ਬਾਅਦ 1,22,800 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਹ ਸਕੀਮ ਉਨ੍ਹਾਂ ਅਧਿਕਾਰੀਆਂ ‘ਤੇ ਲਾਗੂ ਹੋਵੇਗੀ ਜਿਨ੍ਹਾਂ ਦੀ ਨਿਯੁਕਤੀ 17.07.2020 ਤੋਂ ਪਹਿਲਾਂ ਕੀਤੀ ਗਈ ਸੀ ਅਤੇ ਉਹ ਪੰਜਾਬ ਸਿਵਲ ਸੇਵਾਵਾਂ (ਸੋਧਿਆ ਤਨਖਾਹ) ਨਿਯਮਾਂ, 2021 ਅਨੁਸਾਰ ਤਨਖਾਹ ਲੈ ਰਹੇ ਸਨ। ਇਹ ਸਕੀਮ 01.01.2025 ਤੋਂ ਲਾਗੂ ਹੋਵੇਗੀ।