ਅੰਮ੍ਰਿਤਸਰ, 20 ਜਨਵਰੀ,ਬੋਲੇ ਪੰਜਾਬ ਬਿਊਰੋ :
ਖਾਸਾ ਦੇ ਲਾ ਫਿਏਸਟਾ ਹੋਟਲ ਵਿਚ ਹੋ ਰਹੇ ਇਕ ਵਿਆਹ ਸਮਾਰੋਹ ਦੀਆਂ ਫੋਟੋਆਂ ਖਿੱਚਦੇ ਹੋਏ ਇਕ ਡਰੋਨ ਫੌਜ ਦੇ ਖੇਤਰ ਵਿਚ ਦਾਖਲ ਹੋ ਗਿਆ। ਡਰੋਨ ਨੂੰ ਦੇਖ ਕੇ ਵਰਜਿਤ ਖੇਤਰ ਵਿਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਅਨੁਸਾਰ ਖਾਸਾ ਦੇ ਉਕਤ ਮੈਰਿਜ ਪੈਲੇਸ ਵਿਚ ਇਕ ਵਿਆਹ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਸੀ। ਵਿਆਹ ਦੇ ਸ਼ੂਟ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਸੀ। ਕੁਝ ਹੀ ਦੇਰ ਵਿਚ ਡਰੋਨ ਸਾਹਮਣੇ ਫੌਜੀ ਖੇਤਰ ਵਿਚ ਚਲਾ ਗਿਆ। ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਸੀਨੀਅਰ ਫੌਜ ਅਧਿਕਾਰੀਆਂ ਨੇ ਡਰੋਨ ਨੂੰ ਡੇਗ ਦਿੱਤਾ ਅਤੇ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਡਰੋਨ ਦੁਆਰਾ ਲਈ ਗਈ ਵੀਡੀਓਗ੍ਰਾਫੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਘਰਿੰਡਾ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ।
ਪੁਲਿਸ ਨੇ ਲਾ ਫਿਏਸਟਾ ਹੋਟਲ ਦੇ ਮੈਨੇਜਰ ਅਤੇ ਫੋਟੋ ਖਿੱਚਣ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਫ਼ੌਜ ਦੇ ਅਧਿਕਾਰੀਆਂ ਨੇ ਪਹਿਲਾਂ ਹੀ ਪੈਲੇਸ, ਰਿਜ਼ੋਰਟ ਅਤੇ ਨੇੜਲੇ ਲਾ ਫਿਏਸਟਾ ਹੋਟਲ ਦੇ ਮਾਲਕਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਫ਼ੌਜ ਦੇ ਖੇਤਰ ਵਿਚ ਡਰੋਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਪਰ ਉਹ ਇਸ ਦਾ ਪਾਲਣ ਨਹੀਂ ਕਰ ਰਹੇ ਹਨ।