ਅਬੋਹਰ, 20 ਜਨਵਰੀ,ਬੋਲੇ ਪੰਜਾਬ ਬਿਊਰੋ :
ਅਬੋਹਰ ਵਿਚ ਐਚਡੀਐਫ਼ਸੀ ਬੈਂਕ ਵਿਚ ਕੰਮ ਕਰਦੇ 26 ਸਾਲਾ ਕੈਸ਼ੀਅਰ ਗੁਰਵਿੰਦਰ ਮੋਂਗਾ ਨੇ ਬੀਤੀ ਰਾਤ ਆਪਣੇ ਘਰ ਦੇ ਬਾਥਰੂਮ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਅਬੋਹਰ ਦੇ ਪਿੰਡ ਵਰਿਆਮ ਖੇੜਾ ਵਿਖੇ ਬਰਾਂਚ ਵਿੱਚ ਕੰਮ ਕਰਦਾ ਸੀ।
ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਰਾਤ ਕਰੀਬ 11 ਵਜੇ ਸ਼ਹਿਰ ਤੋਂ ਕਾਰ ਦੀ ਸਰਵਿਸ ਕਰਵਾ ਕੇ ਘਰ ਪਰਤਿਆ ਸੀ ਅਤੇ ਸੌਂ ਗਿਆ। ਰਾਤ ਕਰੀਬ 3:30 ਵਜੇ ਜਦੋਂ ਉਹ ਬਾਥਰੂਮ ਗਿਆ ਤਾਂ ਉਨ੍ਹਾਂ ਨੇ ਦਰਵਾਜ਼ਾ ਅੰਦਰੋਂ ਬੰਦ ਦੇਖਿਆ।
ਜਦੋਂ ਕਾਫ਼ੀ ਸਮਾਂ ਖੜਕਾਉਣ ਦੇ ਬਾਵਜੂਦ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਸਿਲੰਡਰ ਨਾਲ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਨ੍ਹਾਂ ਦਾ ਪੁੱਤਰ ਅੰਦਰ ਪੱਖੇ ਨਾਲ ਲਟਕਦਾ ਮਿਲਿਆ।ਉਨ੍ਹਾਂ ਦੱਸਿਆ ਕਿ ਗੁਰਵਿੰਦਰ ਅਜੇ ਕੁਆਰਾ ਸੀ।
ਪਰਿਵਾਰਕ ਮੈਂਬਰਾਂ ਨੇ ਤੁਰੰਤ 112 ਹੈਲਪਲਾਈਨ ‘ਤੇ ਸੂਚਨਾ ਦਿੱਤੀ। ਪੁਲਿਸ ਮੁਲਾਜ਼ਮ ਅਮਰੀਕ ਸਿੰਘ ਅਤੇ ਪੱਪੂ ਰਾਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਸ਼ੁਰੂਆਤੀ ਜਾਂਚ ਵਿੱਚ ਮੌਤ ਦਾ ਕਾਰਨ ਮਾਨਸਿਕ ਤਣਾਅ ਦੱਸਿਆ ਜਾ ਰਿਹਾ ਹੈ।