ਨਵਾਂਸ਼ਹਿਰ, 20 ਜਨਵਰੀ,ਬੋਲੇ ਪੰਜਾਬ ਬਿਊਰੋ :
ਹਾਈਟੈਕ ਨਾਕੇ ’ਤੇ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਤਲਾਸ਼ ਲਈ ਤਾਇਨਾਤ ਏ.ਐਸ.ਆਈ. ਨੂੰ ਟੱਕਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਵਾਲੇ ਕਾਰ ਸਵਾਰ 5 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ।
ਏ.ਐਸ.ਆਈ. ਕਮਲਜੀਤ ਨੇ ਦੱਸਿਆ ਕਿ ਥਾਣਾ ਕਾਠਗੜ੍ਹ ਦੀ ਪੁਲਿਸ ਆਂਸਰੋ ’ਚ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ ਕਰ ਰਹੀ ਸੀ। ਨਾਕੇ ’ਤੇ ਤਾਇਨਾਤ ਏ.ਐਸ.ਆਈ. ਧਨਵੰਤ ਸਿੰਘ ਨੇ ਰੂਪਨਗਰ ਵੱਲੋਂ ਆ ਰਹੀ ਚਿੱਟੇ ਰੰਗ ਦੀ ਜ਼ੈਨ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ। ਇਸ ’ਤੇ ਕਾਰ ਚਾਲਕ ਨੇ ਤੇਜ਼ ਰਫ਼ਤਾਰ ਨਾਲ ਕਾਰ ਨੂੰ ਬੈਰੀਕੇਡ ਵਿੱਚ ਮਾਰ ਦਿੱਤਾ। ਇਸ ਤੋਂ ਬਾਅਦ ਚਾਲਕ ਨੇ ਬੈਰੀਕੇਡ ਦੇ ਕੋਲ ਖੜ੍ਹੇ ਏ.ਐਸ.ਆਈ. ਨੂੰ ਵੀ ਟੱਕਰ ਮਾਰ ਦਿੱਤੀ, ਜਿਸ ਨਾਲ ਏ.ਐਸ.ਆਈ. ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਚੌਕੀ ਇੰਚਾਰਜ ਏ.ਐਸ.ਆਈ. ਗੁਰਬਖਸ਼ ਸਿੰਘ ਨੇ ਦੱਸਿਆ ਕਿ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਹਿਚਾਣ ਜਸਕਰਣ ਕੁਮਾਰ ਪੁੱਤਰ ਧਰਮਚੰਦ ਵਾਸੀ ਦੁਘਾਮ, ਜਗਜੀਤ ਕੁਮਾਰ ਉਰਫ਼ ਜੱਸੀ ਪੁੱਤਰ ਰਾਜਕੁਮਾਰ ਵਾਸੀ ਗੜਸ਼ੰਕਰ, ਜਸਨਦੀਪ ਸਿੰਘ ਉਰਫ਼ ਬਿੱਲਾ ਪੁੱਤਰ ਗੁਰਮੇਲ ਸਿੰਘ ਵਾਸੀ ਦੁਘਾਮ, ਸੰਜੀਵ ਕੁਮਾਰ ਪੁੱਤਰ ਰਾਮ ਕਿਸ਼ਨ ਵਾਸੀ ਗੜਸ਼ੰਕਰ ਅਤੇ ਬਲਜੀਤ ਕੁਮਾਰ ਪੁੱਤਰ ਪਰਗਨ ਰਾਮ ਵਾਸੀ ਗੜਸ਼ੰਕਰ ਦੇ ਤੌਰ ’ਤੇ ਹੋਈ ਹੈ।