ਵਾਸ਼ਿੰਗਟਨ, 20 ਜਨਵਰੀ, ਬੋਲੇ ਪੰਜਾਬ ਬਿਊਰੋ :
ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਤੌਰ ’ਤੇ ਅੱਜ ਸੋਮਵਾਰ ਨੂੰ ਅਹੁਦਾ ਸੰਭਾਲਣਗੇ। ਅਹੁਦਾ ਸੰਭਾਲਣ ਤੋਂ ਬਾਅਦ ਵ੍ਹਾਈਟ ਹਾਊਸ ’ਚ ਦਾਖ਼ਲ ਹੋਣ ਦੇ ਤੁਰੰਤ ਬਾਅਦ ਉਹ 100 ਤੋਂ ਵੱਧ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨ ਵਾਲੇ ਹਨ।ਅੱਜ ਸੋਮਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਰੋਹ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਭਾਰਤ ਦੀ ਅਗਵਾਈ ਕਰਨਗੇ।
ਐੱਨਬੀਸੀ ਨਿਊਜ਼ ਨੂੰ ਦਿੱਤੀ ਇੰਟਰਵਿਊ ’ਚ ਟਰੰਪ ਨੇ ਕਿਹਾ ਕਿ ਉਹ ਪਹਿਲੇ ਦਿਨ ਕਾਰਜਕਾਰੀ ਕੰਮਾਂ ਦੀ ਰਿਕਾਰਡ ਗਿਣਤੀ ’ਤੇ ਦਸਤਖ਼ਤ ਕਰਨ ਦੀ ਯੋਜਨਾ ਬਣਾ ਰਹੇ ਹਨ। ਕਾਰਜਕਾਰੀ ਹੁਕਮ ਰਾਸ਼ਟਰਪਤੀ ਵੱਲੋਂ ਇਕਪਾਸੜ ਜਾਰੀ ਹੁਕਮ ਹਨ, ਜੋ ਕਾਨੂੰਨ ਦੀ ਤਰ੍ਹਾਂ ਤਾਕਤ ਰੱਖਦੇ ਹਨ। ਕਾਨੂੰਨ ਦੇ ਉਲਟ ਕਾਰਜਕਾਰੀ ਹੁਕਮਾਂ ਨੂੰ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ। ਕਾਂਗਰਸ ਉਨ੍ਹਾਂ ਨੂੰ ਪਲਟ ਨਹੀਂ ਸਕਦੀ ਪਰ ਅਦਾਲਤ ’ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੇ ਨੇੜਲੇ ਸਹਿਯੋਗੀਆਂ ’ਚੋਂ ਇਕ ਸਟੀਫਨ ਮਿਲਰ ਨੇ ਦੱਸਿਆ ਕਿ ਇਸ ਵਿਚ ਮੁੱਖ ਤੌਰ ’ਤੇ ਪੰਜ ਵਿਸ਼ੇ ਸ਼ਾਮਲ ਹੋਣਗੇ। ਦੱਖਣੀ ਸਰਹੱਦ ਨੂੰ ਸੀਲ ਕਰਨਾ, ਸਮੂਹਿਕ ਚੋਣਾਂ, ਮਹਿਲਾਵਾਂ ਦੀ ਖੇਡ ’ਚ ਟ੍ਰਾਂਸਜੈਂਡਰਾਂ ਨੂੰ ਰੋਕਣਾ, ਊਰਜਾ ਜਾਂਚ ’ਤੇ ਪਾਬੰਦੀ ਹਟਾਉਣਾ ਤੇ ਸਰਕਾਰੀ ਸਮਰੱਥਾ ’ਚ ਸੁਧਾਰ ਕਰਨਾ। ਕਾਰਜਕਾਰੀ ਹੁਕਮਾਂ ’ਚ ਉਨ੍ਹਾਂ ਦੇ ਸਮਰਥਕਾਂ ਨੂੰ ਮਾਫ ਕਰਨ ਦੀ ਉਮੀਦ ਹੈ, ਜਿਨ੍ਹਾਂ ਨੂੰ ਚਾਰ ਸਾਲ ਪਹਿਲਾਂ ਛੇ ਜਨਵਰੀ ਨੂੰ ਕੈਪੀਟਲ ਹਿੱਲ ਹਮਲੇ ’ਚ ਉਨ੍ਹਾਂ ਦੀ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।
ਟਰੰਪ ਵੱਲੋਂ ਬਾਇਡਨ ਦੇ ਕੁਝ ਕਾਰਜਕਾਰੀ ਹੁਕਮਾਂ ਤੇ ਕੰਮਾਂ ਨੂੰ ਵਾਪਸ ਲੈਣ ਦੀ ਵੀ ਉਮੀਦ ਹੈ। ਉਨ੍ਹਾਂ ’ਚੋਂ ਅਹਿਮ ਹਨ ਪੈਰਿਸ ਵਾਤਾਵਰਣ ਸਮਝੌਤਾ, ਜੈਵਿਕ ਈਂਧਣ ਉਤਪਾਦਨ ’ਤੇ ਪਾਬੰਦੀ ਹਟਾਉਣਾ। ਬਾਇਡਨ ਨੇ ਆਪਣੇ ਪਹਿਲੇ ਦਿਨ ਨੌਂ ਕਾਰਜਕਾਰੀ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ’ਚੋਂ ਛੇ ’ਚ ਟਰੰਪ ਦੇ ਫੈਸਲਿਆਂ ਨੂੰ ਪਲਟਣਾ ਸ਼ਾਮਲ ਸੀ।