ਪਿਛਲੇ ਦਿਨੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋ ਸੁਖਬੀਰ ਬਾਦਲ ਦਾ ਅਸਤੀਫਾ ਮਨਜੂਰ ਕਰਨ ਦੇ ਨਾਲ ਨਾਲ ਭਰਤੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਵਾਸਤੇ ਨਵੀਂ ਕਮੇਟੀ ਦਾ ਐਲਾਨ ਕੀਤਾ ਗਿਆ ਸੀ।ਜਿਸ ਨੂੰ ਲੈ ਕੇ ਅਕਾਲੀ ਦਲ ਦੇ ਬਾਗ਼ੀ ਧੜੇ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ । ਇਸ ਮੁਲਾਕਾਤ ਦੌਰਾਨ ਬਾਗ਼ੀ ਧੜੇ ਦੇ ਆਗੂਆਂ ਵੱਲੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਐਲਾਨੇ ਹੁਕਨਾਮੇ ਨੂੰ ਇਨ ਬਿਨ ਲਾਗੂ ਕੀਤੇ ਜਾਣ ਦੀ ਅਪੀਲ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੁਧਾਰ ਲਹਿਰ ਦੇ ਆਗੂਆਂ ਨੂੰ ਇਕ ਵਾਰ ਮੁੜ ਦੱਸਿਆ ਗਿਆ ਹੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋ ਐਲਾਨੇ ਹੁਕਮਨਾਮੇ ਮੁਤਾਬਕ 2 ਦਸੰਬਰ ਵਾਲੀ 7ਮੈਂਬਰੀ ਕਮੇਟੀ ਹੀ ਕੰਮ ਕਰੇਗੀ। ਇਸ ਵਾਸਤੇ ਜਥੇਦਾਰ ਸਾਹਿਬ ਵੱਲੋਂ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਕੇ ਜਲਦੀ ਹੀ 7 ਮੈਬਰੀ ਕਮੇਟੀ ਦੀ ਮੀਟਿੰਗ ਸੱਦੇ ਜਾਣ ਵਾਸਤੇ ਕਹਿਣ ਲਈ ਆਖਿਆ ਹੈ।
ਇਸ ਤਰਾਂ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਸਥਿਤੀ ਫਿਲਹਾਲ ਗੁੰਝਲਦਾਰ ਬਣੀ ਹੋਈ ਹੈ।ਕਿਉਂਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਵੱਲੋਂ ਉਸ ਬੇਸ਼ੱਕ ਵਕਤ ਵੀ ਸ੍ਰੀ ਅਕਾਲ ਦਲ ਦੀ ਵਰਕਿੰਗ ਕਮੇਟੀ ਵੱਲੋ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਤਾਂ ਸਵਾਗਤ ਕੀਤਾ ਗਿਆ ਸੀ।ਪਰ ਨਾਲ ਹੀ ਉਨ੍ਹਾ ਉਸੇ ਵਕਤ ਕਹਿ ਦਿੱਤਾ ਸੀ ਕੇ ਭਰਤੀ ਕਮੇਟੀ ਨੂੰ ਲੈ ਕੇ 2ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਐਲਾਨੀ ਕਮੇਟੀ ਪੂਰੀ ਤਰਾ ਸਟੈਂਡ ਕਰਦੀ ਹੈ।ਉਧਰ ਅਕਾਲੀ ਦਲ ਦੇ ਬਾਗ਼ੀ ਧੜੇ ਵੱਲੋਂ ਉਸ ਸਮੇ ਹੀ ਆਖਿਆ ਗਿਆ ਸੀ ਕੇ ਸੁਖਬੀਰ ਧੜੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਐਲਾਨੇ ਹੁਕਨਾਮੇ ਨੂੰ ਨਹੀਂ ਮੰਨਿਆ ਜਾ ਰਿਹਾ ।
ਇੱਥੇ ਦੱਸਣਯੋਗ ਹੈ ਕਿ ਪਿਛਲੇ ਦਿਨੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਤੋ ਐਲਾਨੀ ਕਮੇਟੀ ਦੀ ਬਜਾਏ ਮੀਟਿੰਗ ਚ ਨਵੀਂ ਕਮੇਟੀ ਬਣਾ ਗਈ ਸੀ ਤੇ ਸੁਧਾਰ ਲਹਿਰ ਦੇ ਕਿਸੇ ਵੀ ਆਗੂ ਨੂੰ ਨਵੀਂ ਕਮੇਟੀ ਚ ਸ਼ਾਮਲ ਨਹੀਂ ਕੀਤਾ ਗਿਆ। ਸਗੋਂ ਆਪਣੇ ਚਹੇਤਿਆ ਨੂੰ ਨਵੀਂ ਐਲਾਨੀ ਕਮੇਟੀ ਚ ਸ਼ਾਮਲ ਕੀਤਾ ਗਿਆ ਹੈ।ਜਿਸ ਨੂੰ ਲੈ ਕੇ ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਹੈ ਕੇ ਇਸ ਤਰਾ ਕਰਕੇ ਵਰਕਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਹੁਕਮਾ ਨੂੰ ਨਾ ਮੰਨ ਕੇ ਗੁਨਾਹ ਕੀਤਾ ਗਿਆ। ਦੂਜੇ ਪਾਸੇ ਆਮ ਲੋਕਾਂ ਦਾ ਵੀ ਇਹ ਮੰਨਣਾ ਹੈ ਕੇ ਵਰਕਿੰਗ ਕਮੇਟੀ ਵੱਲੋਂ ਇਹ ਸਭ ਕੁੱਝ ਸੁਖਬੀਰ ਨੂੰ ਮੁੜ ਪ੍ਰਧਾਨ ਬਣਾਏ ਜਾਣ ਵਾਸਤੇ ਕੀਤਾ ਗਿਆ ਹੈ।ਉੱਧਰ ਸਿਆਸੀ ਮਾਹਰਾਂ ਦਾ ਵੀ ਕਹਿਣਾ ਹੈ ਕੇ ਵਰਕਿੰਗ ਕਮੇਟੀ ਵੱਲੋਂ ਭਰਤੀ ਪ੍ਰਕਿਰਿਆ ਬਾਰੇ ਐਲਾਨੀ ਨਵੀਂ ਕਮੇਟੀ ਦੇ ਫ਼ੈਸਲੇ ਨਾਲ ਕਈ ਤਰਾ ਦੇ ਸਵਾਲ ਉੱਠ ਖੜੇ ਹਨ।ਕਿਉਂਕਿ ਜਿਸ ਤਰਾਂ ਨਵੀਂ ਕਮੇਟੀ ਚ ਸੁਧਾਰ ਲਹਿਰ ਦੇ ਕਿਸੇ ਆਗੂ ਨੂੰ ਸ਼ਾਮਲ ਨਹੀਂ ਕੀਤਾ ਗਿਆ।ਉਸ ਤੋ ਸ਼ਪਸ਼ਟ ਹੈ ਕੇ ਅਕਾਲੀ ਦਲ ਦੇ ਆਗੂ ਏਕਤਾ ਪ੍ਰਤੀ ਬਾਹਲੇ ਗੰਭੀਰ ਨਹੀਂ ਹਨ ਤੇ ਨਾ ਹੀ ਓਨ੍ਹਾ ਬੀਤੇ ਤੋ ਕੋਈ ਸਬਕ ਸਿਖਿਆ ਹੈ।ਵਰਕਿੰਗ ਕਮੇਟੀ ਦੇ ਫ਼ੈਸਲੇ ਨਾਲ ਸਾਰੇ ਧੜਿਆਂ ਚ ਅਕਾਲੀ ਏਕਤਾ ਹੋਣ ਦੀ ਬਜਾਏ ਇਹ ਹੋਰ ਗੁੰਝਲਦਾਰ ਹੋ ਗਈ ਹੈ।ਜੇਕਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਪੂਰੀ ਈਮਾਨਦਾਰੀ ਤੇ ਦਿਆਨਤਦਾਰੀ ਨਾਲ ਸ੍ਰੀ ਅਕਾਲ ਤਖ਼ਤ ਦੇ ਹੁਕਮਾ ਨੂੰ ਮੰਨ ਕੇ ਓਨ੍ਹਾ ਨੂੰ ਲਾਗੂ ਕਰਦੀ ਤਾ ਲੱਗਦਾ ਸੀ ਕੇ ਅਕਾਲੀ ਦਲ ਹੁਣ ਸਹੀ ਰਾਹ ਤੇ ਤੁਰ ਪਿਆ ਹੈ।ਜੋ ਅਕਾਲੀ ਦਲ ਨੂੰ ਮੁੜ ਪਹਿਲਾਂ ਵਾਲੀ ਜਗ੍ਹਾ ਉੱਤੇ ਖੜਾ ਕਰ ਦੇਵੇਗਾ।ਪਰ ਅਫਸੋਸ ! ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਉਸ ਨੂੰ ਮੰਝਧਾਰ ਚੋਂ ਬਾਹਰ ਕੱਢਣ ਦੀ ਬਜਾਏ ਹੋਰ ਡੋਬਦੇ ਜਾਪਦੇ ਹਨ।ਚਾਹੀਦਾ ਤਾ ਇਹ ਸੀ ਕੇ ਵਰਕਿੰਗ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਨੂੰ ਇਨ ਬਿਨ ਲਾਗੂ ਕਰਦੀ।ਜਿਸ ਨਾਲ ਲੋਕਾਂ ਦਾ ਅਕਾਲੀ ਦਲ ਤੋ ਉਠ ਚੁੱਕਾ ਵਿਸ਼ਵਾਸ਼ ਫੇਰ ਬੱਝ ਸਕਦਾ। ਪਰ ਪਤਾ ਨਹੀਂ ਕਿਉਂ ਵਰਕਿੰਗ ਕਮੇਟੀ ਦੇ ਆਗੂ ਸੁਖਬੀਰ ਸਿੰਘ ਬਾਦਲ ਦੇ ਪਿਛਲਾਗੂ ਬਣ ਸਹੀ ਨਿਰਣੇ ਲੈਣ ਦੀ ਹਿੰਮਤ ਕਿਉਂ ਨਹੀਂ ਕਰ ਰਹੇ? ਜਿਸ ਦੀ ਬਦੌਲਤ ਅਕਾਲੀ ਦਲ ਦਾ ਦਿਨ ਬਦਿਨ ਹੋਰ ਨੁਕਸਾਨ ਹੁੰਦਾ ਜਾ ਰਿਹਾ ਹੈ।ਸੁਖਬੀਰ ਸਿੰਘ ਬਾਦਲ ਉੱਤੇ ਇਲਜ਼ਾਮ ਤਾ ਉਸ ਦਿਨ ਹੀ ਲੱਗਣ ਲੱਗ ਪਏ ਸਨ ਜਿਸ ਦਿਨ ਉਨ੍ਹਾਂ ਵੱਲੋਂ ਅਸਤੀਫਾ ਦੇਣ ਦੀ ਥਾਂ ਸ੍ਰੀ ਅਕਾਲ ਤਖ਼ਤ ਤੋ 20 ਦਿਨ ਦਾ ਸਮਾ ਲਏ ਜਾਣ ਦੀ ਗੱਲ ਆਖੀ ਸੀ ਤੇ ਫੇਰ ਅਸਤੀਫਾ ਦੇਣ ਪਿੱਛੋਂ ਵਰਕਿੰਗ ਕਮੇਟੀ ਵੱਲੋਂ ਅਸਤੀਫਾ ਮਨਜੂਰ ਕਰਨ ਦੀ ਬਜਾਏ ਆਨਾ ਕਾਨੀ ਕੀਤੀ ਜਾ ਰਹੀ ਸੀ।ਜਦੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਖ਼ਤ ਰੁੱਖ ਅਪਣਾਇਆ ਗਿਆ ਤਾ ਫਿਰ ਅਕਾਲੀ ਆਗੂਆਂ ਵੱਲੋਂ ਪਾਰਟੀ ਦੀ ਮਾਨਤਾ ਰੱਦ ਹੋਣ ਦਾ ਬਹਾਨਾ ਬਣਾਇਆ ਗਿਆ।ਕਾਨੂੰਨੀ ਮਾਹਰਾਂ ਮੁਤਾਬਕ ਅਕਾਲੀ ਆਗੂਆਂ ਦੀ ਇਸ ਦਲੀਲ ਚ ਉੱਕਾ ਸੱਚਾਈ ਨਹੀਂ ਸੀ। ਆਲੇ ਦੁਆਲੇ ਤੋ ਦਬਾਅ ਵਧਣ ਪਿੱਛੋਂ ਵਰਕਿੰਗ ਕਮੇਟੀ ਵੱਲੋਂ ਜੱਕੋ ਤੱਕੀ ਸੁਖਬੀਰ ਦਾ ਅਸਤੀਫਾ ਤਾ ਮਨਜੂਰ ਕਰ ਲਿਆ ।ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਰਤੀ ਪ੍ਰਕਿਰਿਆ ਲਈ ਐਲਾਨੀ ਕਮੇਟੀ ਨੂੰ ਅੱਖੋਂ ਪਰੋਖੇ ਕਰਕੇ ਨਵੀਂ ਕਮੇਟੀ ਬਣਾ ਦਿਤੀ ਗਈ ਸੀ।ਜਿਸ ਨਾਲ ਫਿਰ ਬਵਾਲ ਖੜਾ ਹੋ ਗਿਆ ਸੀ ।
ਸੋ ਹਾਲੇ ਵੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ।ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਪਣੇ ਫ਼ੈਸਲੇ ਉੱਤੇ ਪੁਨਰਵਿਚਾਰ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਤੋ ਐਲਾਨੀ 7ਮੈਂਬਰੀ ਕਮੇਟੀ ਨੂੰ ਹੀ ਮੈਂਬਰਸ਼ਿਪ ਭਰਤੀ ਦੀ ਕਮਾਂਡ ਸੌਂਪਣੀ ਚਾਹੀਦੀ ਹੈ। ਤੇ ਨਵੀਂ ਕਮੇਟੀ ਨੂੰ ਭੰਗ ਕਰ ਦੇਣਾ ਚਾਹੀਦਾ ਹੈ।ਇਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਵੀ ਹੋਵੇਗੀ ਤੇ ਸੁਧਾਰ ਲਹਿਰ ਦੇ ਆਗੂਆਂ ਨੂੰ ਵੀ ਨਾਲ ਤੋਰਿਆ ਜਾ ਸਕੇਗਾ।ਪਰ ਇਸ ਵਾਸਤੇ ਵਰਕਿੰਗ ਕਮੇਟੀ ਨੂੰ ਪੂਰੀ ਈਮਾਨਦਾਰੀ ਤੇ ਦਿਆਨਤਦਾਰੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆ ਨੂੰ ਲਾਗੂ ਕਰਨਾ ਚਾਹੀਦਾ ਹੈ।ਤਾ ਹੀ ਉਹ ਲੋਕਾਂ ਦਾ ਵਿਸ਼ਵਾਸ਼ ਜਿੱਤ ਸਕਦੇ ਹਨ।ਨਹੀਂ ਤਾ ਬੇਸ਼ੱਕ ਲੋਕ ਭਾਂਵੇ ਅਕਾਲੀ ਆਗੂਆਂ ਨੂੰ ਮੁਆਫ ਕਰ ਦੇਣ ।ਪਰ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਉਨ੍ਹਾਂ ਨੂੰ ਬੇਹੱਦ ਮਹਿੰਗਾ ਪੈ ਸਕਦਾ ਹੈ।ਹੁਣ ਵੇਖਣਾ ਹੋਵੇਗਾ ਕੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਬਣਾਈ ਗਈ ਨਵੀਂ ਕਮੇਟੀ ਨੂੰ ਭੰਗ ਕੀਤਾ ਜਾਂਦਾ ਹੈ ਜਾ ਨਹੀਂ? ਅਗਲੀ ਗੱਲ ਕੀ ਸੁਖਬੀਰ ਧੜਾ ਸ੍ਰੀ ਅਕਾਲ ਤਖ਼ਤ ਤੋ ਐਲਾਨੀ 2 ਦਸੰਬਰ ਵਾਲੀ ਕਮੇਟੀ ਨੂੰ ਮੰਨਦਾ ਹੈ ਜਾਂ ਫਿਰ ਅਸਤੀਫਾ ਦੇਣ ਵਾਂਗ ਆਨਾਕਾਨੀ ਤੇ ਟਾਲਮਟੋਲ ਹੀ ਕਰਦਾ ਹੈ? ਏਥੇ ਇਹ ਗੱਲ ਵੀ ਵੇਖਣ ਵਾਲੀ ਹੋਵੇਗੀ ਕੇ ਕੀ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖ਼ਤ ਤੋ ਜਾਰੀ ਹੁਕਮਨਾਮੇ ਨੂੰ ਲਾਗੂ ਕਰਨ ਵਾਸਤੇ 2ਦਸੰਬਰ ਵਲੀ 7ਮੈਂਬਰੀ ਕਮੇਟੀ ਦੀ ਮੀਟਿੰਗ ਕਦੋਂ ਬੁਲਾਉਂਦੇ ਹਨ? ਤੇ ਕਦੋਂ ਇਹ ਕਮੇਟੀ ਆਪਣੀ ਕਾਰਵਾਈ ਆਰੰਭ ਕਰਦੀ ਹੈ। ਇਹ ਆਉਣ ਵਾਲੇ ਦਿਨਾ ਚ ਹੀ ਪਤਾ ਲੱਗੇਗਾ।
——-
ਅਜੀਤ ਖੰਨਾ
ਮੋਬਾਈਲ:76967 54669