ਚਿੱਟੇ ਤੇ ਗੈਂਗਸਟਰਵਾਦ ਵਾਂਗ ਵਧਣ ਲੱਗਾ ਚਾਈਨਾ ਡੋਰ ਦਾ ਕਹਿਰ !

ਚੰਡੀਗੜ੍ਹ ਪੰਜਾਬ

ਅੱਜ ਤੋ ਦੋ ਦਹਾਕੇ ਪਹਿਲਾਂ ਪਤੰਗਬਾਜ਼ੀ ਲਈ ਵਰਤੀ ਜਾਣ ਵਾਲੀ ਡੋਰ ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਸ਼ਹਿਰ ਤੋ ਆਉਂਦੀ ਸੀ ਜਾਂ ਫਿਰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿਖੇ ਤਿਆਰ ਕੀਤੀ ਜਾਂਦੀ ਸੀ। ਸਾਡੇ ਵੇਲੇ ਵੀ ਇਹ ਡੋਰ ਕੁਝ ਲੋਕ ਖੁਦ ਹੀ ਸਧਾਰਨ ਮੋਟੇ ਧਾਗੇ ਨੂੰ ਸੁਰੇਸ਼ ਤੇ ਬਰੀਕ ਕੱਚ ਨਾਲ ਦੋ ਲੱਕੜ ਦੇ ਪੋਲ ਗੱਡ ਕੇ ਸੂਤ ਲੈਂਦੇ ਸਨ।ਜਿਸ ਨੂੰ ਮੁੱਠੀ ਚ ਰੱਖ ਕੇ ਲੋੜ ਮੁਤਾਬਕ ਕੱਚ ਲਾ ਲਿਆ ਜਾਂਦਾ ਸੀ ।ਇਸ ਡੋਰ ਨਾਲ ਬੇਸ਼ੱਕ ਪਤੰਗਬਾਜ਼ੀ ਸਮੇ ਹੱਥਾਂ ਉੱਤੇ ਥੋੜਾ ਮੋਟਾ ਕੱਟ ਜਰੂਰ ਲੱਗ ਜਾਂਦਾ ਸੀ ।ਪਰ ਇਹ ਡੋਰ ਜਾਨਲੇਵਾ ਨਹੀਂ ਹੁੰਦੀ ਸੀ। ਕਿਉਂਕੇ ਇਹ  ਜਲਦੀ ਹੀ ਟੁੱਟ ਜਾਂਦੀ ਸੀ ।ਢੇਡ ਕੁ ਦਹਾਕੇ ਤੋ ਪਤੰਗਬਾਜ਼ੀ ਲਈ ਚਾਈਨਾ ਡੋਰ ਦੀ ਦਸਤਕ ਹੋਈ ।ਜੋ ਮਨੁੱਖ ਤੋ ਇਲਾਵਾ ਪਸ਼ੂ ਪੰਛੀਆਂ ਤੇ ਜਾਨਵਰਾਂ ਨੂੰ ਆਪਣੀ ਗ੍ਰਿਫ਼ਤ ਲੈਣਾ ਸ਼ੁਰੂ ਕਰ ਦਿੱਤਾ ਹੈ।ਜੋ ਇਨ੍ਹਾਂ ਸਾਰਿਆਂ ਨੂੰ ਜਖਮੀ  ਤਾਂ ਕਰਦੀ ਹੀ ਹੈ ਨਾਲ ਹੀ ਕਈ ਵਾਰ ਮੌਤ ਦਾ ਕਾਰਨ ਵੀ ਬਣਦੀ ਹੈ। ਅੱਜ ਹਾਲਾਤ ਇਹ ਹਨ ਕੇ ਚਿੱਟੇ ਤੇ ਗੈਂਗਸਟਰਵਾਦ ਵਾਂਗ ਚਾਈਨਾ ਡੋਰ ਦਾ ਕਹਿਰ ਵੀ  ਵਧਦਾ ਜਾ ਰਿਹਾ ਹੈ। ਜਿਸ ਨੇ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਜਖਮੀ ਕਰਨ ਤੋ ਇਲਾਵਾ ਸੈਂਕੜੇ ਲੋਕਾਂ ਦੀਆਂ ਜਾਨਾ ਵੀ ਲੈ ਲਾਈਆਂ ਹਨ।ਪਰ ਇਸ ਦੇ ਬਾਵਜੂਦ ਨਾ ਤਾ ਸਾਡੀਆ ਸਰਕਾਰਾਂ ਤੇ ਨਾ ਹੀ ਲੋਕ ਚਾਈਨਾ ਡੋਰ ਦੀ ਵਰਤੋਂ ਨਾ ਕੀਤੇ ਜਾਣ ਨੂੰ ਲੈ ਕੇ ਗੰਭੀਰ ਹਨ।ਜੇਕਰ ਚਾਈਨਾ ਡੋਰ (ਡ੍ਰੈਗਨਡੋਰ )ਦੇ ਇਸ ਵਧ ਰਹੇ ਕਹਿਰ ਨੂੰ ਵਕਤ ਰਹਿੰਦਿਆ ਲਗਾਮ ਨਾ ਲਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋ ਇਸ ਉੱਤੇ ਨਕੇਲ ਪਾਉਣੀ ਸਾਡੇ ਵੱਸੋਂ ਬਾਹਰ ਹੋ ਜਾਵੇਗੀ ਤੇ ਅਸੀ ਹੱਥ ਮਲਦੇ ਰਹਿ ਜਾਵਾਂਗੇ।ਚਾਈਨਾ ਡੋਰ ਦੀ ਸਮੱਸਿਆ ਇਸ ਕਦਰ ਵਧ ਚੁੱਕੀ ਹੈ ਕੇ ਘਰੋਂ ਬਾਹਰ ਨਿਕਲਦੇ ਹੀ ਇਸ ਡੋਰ ਦਾ ਡਰ ਸਤਾਉਣ ਲੱਗਦਾ ਹੈ।ਮੈਂ ਜਦ ਵੀ ਆਪਣੇ ਘਰ ਦੀ ਛੱਤ ਉੱਤੇ ਚੜਦਾ ਹਾ ਤਾਂ ਛੱਤ ਉੱਤੇ ਚਾਈਨਾ ਡੋਰ ਦਾ ਜਾਲ ਵਿਛਿਆ ਹੁੰਦਾ ਹੈ। ਜੋ ਕੋਠੇ ਉੱਤੇ ਚੱਲਣ ਵਕਤ ਮੁਸ਼ਕਲ ਖੜ੍ਹੀ ਕਰਦਾ ਹੈ। ਇਥੋਂ ਤੱਕ ਕੇ ਇਹ ਮੌਤ ਦੀ ਡੋਰ ਸੜਕਾਂ ਤੇ ਗਲੀਆਂ ਚ ਤੁਰਨ ਵਕਤ  ਰਾਹਗੀਰਾਂ ਦੇ ਪੈਰਾਂ ਚ ਅੜਦੀ ਹੈ।ਜੋ ਉਨ੍ਹਾਂ ਨੂੰ ਦਿੱਕਤਾਂ ਹੀ ਖੜ੍ਹੀਆਂ ਨਹੀਂ ਕਰਦੀ ਬਲਕੇ ਲੱਤਾਂ ਪੈਰਾਂ ਤੇ ਕੱਟ ਲਾ  ਦਿੰਦੀ ਹੈ ਤੇ ਖ਼ੂਨ ਵਗਣ ਲਾ ਦਿੰਦੀ ਹੈ।ਹਰ ਰੋਜ਼ ਇਸ ਡੋਰ ਦੀ ਵਜ੍ਹਾ ਕਰਕੇ ਅਨੇਕਾਂ ਲੋਕਾਂ ਦੇ ਜਖਮੀ ਹੋਣ ਅਤੇ ਡੋਰ ਦੀ ਵਜਾ ਨਾਲ ਮੌਤ ਹੋ ਜਾਣ ਦੀਆਂ ਖ਼ਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ।ਜੇਕਰ ਦੇਖਿਆ ਜਾਵੇ ਤਾ ਹੁਣ ਤੱਕ ਚਾਈਨਾ ਡੋਰ ਨਾਲ ਹਜਾਰਾਂ ਮੌਤਾਂ ਹੋ ਚੁੱਕੀਆਂ ਹਨ ।ਜਿਸ ਸੰਬਧੀ  ਸੈਂਕੜੇ ਨਹੀਂ ਹਜ਼ਾਰਾਂ ਕੇਸ ਅਦਾਲਤਾਂ ਚ ਚੱਲ ਰਹੇ ਹਨ।ਮੇਰੇ ਸ਼ਹਿਰ ਚ  ਅੱਜ ਵੀ ਚਾਈਨਾ ਡੋਰ ਦੀ ਖੁਲ੍ਹੇ ਆਮ ਵਰਤੋ ਹੋ ਰਹੀ ਹੈ।ਚਾਈਨਾ ਡੋਰ ਵੇਚਣ ਵਾਲਿਆਂ ਜਾ ਵਰਤੋਂ ਕਰਨ ਵਾਲਿਆਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਰਕੇ ਇਸ ਨੂੰ ਬਣਾਉਣ , ਵੇਚਣ ਤੇ ਵਰਤੋਂ ਕਰਨ ਵਾਲੇ ਲੋਕਾਂ ਦੇ ਹੌਂਸਲੇ ਬੁਲੰਦ ਹਨ।ਉਧਰ ਜਦੋ ਇਸ ਡੋਰ ਦੀ ਵਜਾ ਸਦਕਾ ਕੋਈ ਘਟਨਾ ਵਾਪਰਦੀ ਹੈ ਤਾ ਪ੍ਰਸ਼ਾਸਨ ਵੱਲੋਂ ਸਖ਼ਤ ਤੇ ਸਥਾਈ ਕਦਮ ਚੁੱਕੇ ਜਾਣ ਦੀ ਥਾਂ ਗੋਂਗਲੂਆਂ ਤੋ ਮਿੱਟੀ ਝਾੜ ਦਿੱਤੀ ਜਾਂਦੀ ਹੈ।ਅੱਜ ਚਿੱਟੇ ਤੇ ਗੈਂਗਸਟਰਵਾਦ ਵਾਂਗ ਇਸ ਡੋਰ ਦਾ ਕਾਰੋਬਾਰ ਵੀ ਵੱਡੇ ਪੱਧਰ ਉੱਤੇ ਫੈਲ ਚੁੱਕਾ ਹੈ। ਇਕ ਰਿਪੋਰਟ ਅਨੁਸਾਰ ਗੁਜਰਾਤ ਤੋ ਆਉਣ ਵਾਲੇ ਮੱਛੀ ਫੜਨ ਵਾਲੇ (ਮੋਨੋਫਲੇਮੈਂਟ )ਧਾਗੇ ਨੂੰ ਲੁਧਿਆਣਾ ਵਿਖੇ ਖਤਰਨਾਕ ਕੈਮੀਕਲ ਨਾਲ ਤਿਆਰ ਕਰਕੇ ਇਸ ਜਾਨਲੇਵਾ  ਡੋਰ ਨਾਲ ਵੱਡਾ ਕਾਰੋਬਾਰ ਚੱਲ ਰਿਹਾ ਹੈ।ਸਖ਼ਤੀ ਹੋਣ ਕਾਰਨ 50-60 ਰੁਪੈ ਵਾਲਾ ਡੋਰ ਦਾ ਗੱਟੂ 1000 ਰੁਪਈਏ ਚ ਵੇਚਿਆ ਜਾ ਰਿਹਾ ਦੱਸਿਆ ਜਾਂਦਾ ਹੈ।ਇਕ ਅੰਦਾਜ਼ੇ ਮੁਤਾਬਕ 15 ਤੋ 20 ਕਰੋੜ ਦੇ ਕਰੀਬ ਇਸ ਡੋਰ ਦਾ ਕਾਰੋਬਾਰ ਹਰ ਵਰ੍ਹੇ ਹੁੰਦਾ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਹਾਲੇ ਤੱਕ ਨੱਥ ਨਹੀਂ ਪਾਈ ਜਾ ਸਕੀ। ਨੱਥ ਪਵੇਗੀ ਕਿਵੇਂ? ਚਿੱਟੇ ਦੇ ਨਸ਼ੇ  ਦੀ ਸਪਲਾਈ ਕਰਨ ਵਾਲਿਆਂ ਵਾਂਗ ਇਸ ਡੋਰ ਦੇ ਕਾਰੋਬਾਰ ਪਿੱਛੇ ਵੀ ਵੱਡੇ ਲੋਕ ਜੁੜੇ ਹੋਏ ਹਨ।ਜਿਸ ਦੀ ਬਦੌਲਤ ਇਸ ਦੀ ਵਰਤੋਂ ਹਰ ਵਰ੍ਹੇ ਲਗਾਤਾਰ ਵਧਦੀ ਹੀ ਜਾ ਰਹੀ ਹੈ।ਇਸੇ ਸਦਕਾ ਇਸ ਨੂੰ ਲਗਾਮ ਨਹੀਂ ਲੱਗ ਰਹੀ।ਹੁਣ ਤਾਂ ਇਸ ਡੋਰ ਦੀ ਵਰਤੋਂ ਨਾ ਕੇਵਲ ਪਤੰਗ (ਗੁੱਡੀ) ਚੜਾਉਣ ਲਈ ਹੀ ਕੀਤੀ ਜਾਂਦੀ ਹੈ ।ਸਗੋਂ ਇਸ ਦੀ ਵਰਤੋਂ ਦੁਸ਼ਮਣੀ ਕੱਢਣ ਲਈ ਵੀ ਕੀਤੀ ਜਾ ਰਹੀ ਹੈ।ਜੋ ਬੇਹੱਦ ਖਤਰਨਾਕ ਰੁਝਾਨ ਹੈ। ਇਸ ਦੇ ਬਾਵਜੂਦ ਪਤਾ ਨਹੀਂ ਸਾਡੀਆ ਸਰਕਾਰਾਂ ਤੇ ਲੋਕ ਕਦੋਂ ਸਮਝਣਗੇ ?ਸੂਝਵਾਨ ਲੋਕ ਇਹ ਸਵਾਲ ਪੁੱਛਦੇ ਹਨ ਕੇ ਸਰਕਾਰ ਵੱਲੋਂ ਚਾਈਨਾ ਡੋਰ ਉੱਤੇ ਪਾਬੰਧੀ ਲਾਉਣ ਦੇ ਬਾਵਜੂਦ ਅਮਲ ਕਿਉਂ ਨਹੀਂ ਹੋ ਰਿਹਾ? ਲੱਗਦਾ ਹੈ ਪ੍ਰਸ਼ਾਸਨ ਇਸ ਪ੍ਰਤੀ ਬਿਲਕੁੱਲ ਵੀ ਗੰਭੀਰ ਨਹੀਂ ਹੈ? ਰੋਜ਼ਾਨਾ ਇਸ ਖਤਰਨਾਕ ਡੋਰ ਦੀ ਵਜ੍ਹਾ ਸਦਕਾ ਲੋਕ ਜਖਮੀ ਹੋ ਰਹੇ ਹਨ। ਤੇ ਮੌਤਾਂ ਵੀ ਹੋ ਰਹੀਆਂ ਹਨ।ਫਿਰ ਵੀ ਨਾ ਤਾ ਮਾਪੇ ਹੀ ਆਪਣੇ ਬਚਿਆਂ ਨੂੰ ਇਸ ਡੋਰ ਦੀ ਵਰਤੋਂ ਤੋ ਵਰਜ ਰਹੇ ਹਨ ਤੇ ਨਾ ਹੀ ਬੱਚੇ ਇਸ ਡੋਰ ਦੀ ਵਰਤੋ ਕਰਨ ਤੋ ਮੁੜਦੇ ਹਨ। ਪਤਾ ਨਹੀਂ  ਸਾਡੀਆ ਸਰਕਾਰਾਂ ਤੇ ਲੋਕ ਇਸ ਮੁੱਦੇ ਪ੍ਰਤੀ ਕਦੋਂ ਗੰਭੀਰ ਹੋਣਗੇ? ਚਾਹੀਦਾ ਤਾ ਇਹ ਹੈ ਕੇ ਇਸ ਡੋਰ ਉੱਤੇ ਰੋਕ ਨੂੰ ਲੈ ਕੇ ਸਾਨੂੰ ਸਭ ਨੂੰ ਸਖ਼ਤ ਹੋਣਾ ਪਵੇਗਾ ਤਾ ਹੀ ਇਸ ਜਾਨਲੇਵਾ ਡੋਰ ਦੀ ਵਰਤੋ ਰੁਕ ਸਕਦੀ ਹੈ । ਨਹੀਂ ਤਾ “ਪੰਚਾ ਦਾ ਕਿਹਾ ਸਿਰ ਮੱਥੇ ,ਪਰਨਾਲਾ ਉਥੇ ਦਾ ਉਥੇ”ਵਾਂਗ ਇਸ ਦੀ ਵਰਤੋਂ  ਨਿਰੰਤਰ ਜਾਰੀ ਰਹੇਗੀ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਹੇਗਾ।ਉਧਰ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਗਿਸਟ੍ਰਟ ਵੱਲੋਂ ਚਾਈਨਾ ਡੋਰ ਦੀ ਰੋਕਥਾਮ ਵਾਸਤੇ ਕਾਰਗਰ ਕਦਮ ਚੁੱਕਦੇ ਹੋਏ ਸ਼ਹਿਰ ਚ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਤਾ ਜੋ ਡਰੋਨ ਦੇ ਜਰੀਏ ਪਤਾ ਲੱਗ ਸਕੇ ਕੇ ਕੌਣ ਚਾਈਨਾ ਡੋਰ ਦੀ ਵਰਤੋਂ ਕਰ ਰਿਹਾ ਹੈ। ਹਾਂ ਬੇਸ਼ੱਕ ਡਰੋਨ ਦੇ ਡਰ ਤੋ ਬਹੁਤ ਸਾਰੇ ਲੋਕ ਇਸ ਦੀ ਵਰਤੋ ਨਹੀਂ ਕਰਦੇ । ਪਰ ਇਹ ਸਥਾਈ ਤੇ ਪੱਕਾ ਹੱਲ ਨਹੀਂ ਆਖਿਆ ਜਾ ਸਕਦਾ।ਅਸਲ ਚ ਪ੍ਰਸ਼ਾਸਨ ਨੂੰ ਇਸ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਤੋ ਪਹਿਲਾਂ ਇਸ ਦੀ ਪੈਦਾਵਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ ।

ਸਿਆਣੇ ਆਖਦੇ ਹਨ “ ਕਮਲੇ ਨੂੰ ਨਾ ਮਾਰੋ,ਕਮਲੇ ਦੀ ਮਾਂ ਨੂੰ ਮਾਰੋ, ਤਾਂ ਜੋ ਹੋਰ  ਕਮਲਾ  ਨਾ ਜੰਮ ਧਰੇ।” ਮਤਲਬ ਸਾਫ਼ ਹੈ ਕੇ ਅਗਰ ਚਾਈਨਾ ਡੋਰ ਉੱਤੇ ਪੂਰਨ ਪਾਬੰਧੀ ਲਾਉਣੀ ਹੈ ਤਾ ਇਸ ਕਹਾਵਤ ਦੀ ਤਰਾਂ ਚਾਈਨਾ ਡੋਰ ਤਿਆਰ ਕਰਨ ਵਾਲੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।ਅਗਰ ਚਾਈਨਾ ਡੋਰ ਦੀ ਮੈਨੂਫੈਕਚਰਿੰਗ ਕਰਨ ਵਾਲਿਆਂ ਤੇ ਕਾਰਵਾਈ ਹੋਵੇ ਤਾ ਨਾ ਰਹੇਗਾ ਬਾਂਸ ਤੇ ਨਾ ਵਜੇਗੀ ਬੰਸਰੀ। ਭਾਵ ਜਦੋ ਡੋਰ ਤਿਆਰ ਹੀ ਨਾ ਹੋਵੇਗੀ ਤਾਂ ਆਵੇਗੀ ਕਿਥੋ? ਤੇ ਕੌਣ ਕਰੇਗਾ ਇਸ ਦੀ ਵਰਤੋ? ਅਗਲੀ ਗੱਲ ਡੋਰ ਤਿਆਰ ਕਰਨ, ਵੇਚਣ ਵਾਲਿਆਂ ਤੇ ਇਸ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਬੇਸ਼ੱਕ ਸੰਨ 2017 ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਰੋਕ ਲਾਉਂਦਿਆਂ ਪੱਤਰ ਜਾਰੀ ਕੀਤਾ ਗਿਆ ਸੀ।ਜਿਸ ਵਿੱਚ ਲਗਭਗ 7ਸਾਲ ਦੀ ਸਜ਼ਾ ਦਾ ਪ੍ਰਭਦਾਨ ਹੈ ।ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਵੀ ਚਾਈਨਾ ਡੋਰ ਨੂੰ ਰੋਕੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਦਸ ਹਜ਼ਾਰ ਤੋ ਲੈ ਕੇ ਪੰਦਰਾਂ ਹਜ਼ਾਰ ਤੱਕ ਦਾ ਜੁਰਮਾਨਾ ਕੀਤੇ ਜਾਣ ਦੀ ਗੱਲ ਆਖੀ ਗਈ ਹੈ।ਪਰ ਇਸ ਦੇ ਬਾਵਜੂਦ ਚਾਈਨਾ ਡੋਰ ਦੀ ਵਰਤੋਂ ਕੀਤੇ ਜਾਣਾ ਰੁਕ ਨਹੀਂ ਰਿਹਾ। ਸਰਕਾਰਾਂ ਨੂੰ ਚਾਹੀਦਾ ਹੈ ਕੇ ਚਾਈਨਾ ਡੋਰ ਨੂੰ ਲੈ ਕੇ ਕਾਨੂੰਨ ਦੀ ਆਈਪੀਸੀ ਧਾਰਾ 307 ਤਹਿਤ ਮੁਕੱਦਮਾ ਦਰਜ਼ ਕੀਤਾ ਜਾਵੇ।ਤਾਂ ਕੇ ਡੋਰ ਦੀ ਵਰਤੋਂ ਰੁਕ ਸਕੇ।ਜਿੰਨਾ ਸਮਾ ਸਰਕਾਰ ਤੇ ਪ੍ਰਸ਼ਾਸਨ ਸਖ਼ਤ ਕਾਰਵਾਈ ਨਹੀਂ ਕਰਦੇ ਉਨ੍ਹਾ ਸਮਾ ਇਜ਼ ਡੋਰ ਦਾ ਕਹਿਰ ਰੁਕਣਾ ਮੁਸ਼ਕਲ ਹੀ ਨਹੀਂ ਸਗੋਂ ਨਾ ਮੁਮਕਿਨ ਵੀ ਜਾਪਦਾ ਹੈ।ਮੇਰੀ ਸਮੁੱਚੇ ਮਾਪਿਆਂ ਨੂੰ  ਵੀ ਪੁਰਜ਼ੋਰ ਅਪੀਲ ਹੈ ਕੇ ਆਪਣੇ ਫਰਜ਼ ਨੂੰ ਸਮਝਦੇ ਹੋਏ ਆਉ ਆਪਾਂ ਰਲ ਕੇ ਪ੍ਰਾਣ ਕਰੀਏ ਤੇ ਇਸ ਡੋਰ ਉੱਤੇ ਰੋਕ ਲਾਉਣ ਵਾਸਤੇ ਜਿੱਥੇ ਪ੍ਰਸ਼ਾਸਨ ਦਾ ਸਾਥ ਦਈਏ ਉਥੇ ਖੁਦ ਵੀ ਅੱਗੇ ਆਈਏ ।ਇਸ ਡੋਰ ਦੇ ਨੁਕਸਾਨ ਨੂੰ ਦਰਸਾਉਣ ਵਾਸਤੇ ਸਰਕਾਰ ਨੂੰ ਇਸ਼ਤਿਹਾਰ ਦੇਣੇ ਚਾਹੀਦੇ ਹਨ।ਸਕੂਲਾਂ ਚ  ਸੈਮੀਨਾਰ ਲਾ ਕੇ ਬਚਿਆਂ ਨੂੰ ਸੁਚੇਤ ਕਰਨਾ ਚਾਹੀਦਾ ਹੈ।ਇਸ ਡੋਰ ਦੀ ਵਰਤੋਂ ਕਰਨ ਵਾਲੇ ਵਿਰੁਧ ਹੋਣ ਵਾਲੀ ਕਾਰਵਾਈ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਅੱਜ ਲੋੜ ਇਸ ਗੱਲ ਦੀ ਹੈ ਕੇ ਸਮਾਜ ਸੇਵੀ ਜਥੇਬੰਧੀਆਂ ਤੇ ਸਰਕਾਰ ਨੂੰ ਚਾਈਨਾ ਡੋਰ ਖਿਲਾਫ ਜੰਗੀ ਪੱਧਰ ਉੱਤੇ ਮੁਹਿੰਮ ਵਿੱਢਣ ਦੀ । ਤਾ ਜੋ ਚਾਈਨਾ ਡੋਰ ਉੱਤੇ ਮੁਕੰਮਲ ਰੋਕ ਲੱਗ ਸਕੇ ਤੇ ਇਸ ਡੋਰ ਦੀ ਵਜਾ ਨਾਲ ਹੋਣ ਵਾਲੇ ਜਾਨੀ ਨੁਕਸਾਨ ਨੂੰ ਲਗਾਮ ਲੱਗ ਸਕੇ ।

                   ਲੈਕਚਰਾਰ ਅਜੀਤ ਖੰਨਾ 

              ਮੋਬਾਈਲ:76967 54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।