ਮੁੱਖ ਬੁਲਾਰੇ ਵਜੋਂ ਬੋਲਣਗੇ ਉਘੇ ਪੱਤਰਕਾਰ ਹਮੀਰ ਸਿੰਘ
ਮਾਨਸਾ, 19 ਜਨਵਰੀ ,ਬੋਲੇ ਪੰਜਾਬ ਬਿਊਰੋ :
ਬੱਸ ਕਿਰਾਇਆ ਅੰਦੋਲਨ ਵਿੱਚ ਸ਼ਹੀਦ ਹੋਏ ਨੌਜਵਾਨ ਆਗੂ ਕਾਮਰੇਡ ਲਾਭ ਸਿੰਘ ਮਾਨਸਾ ਦੀ 44ਵੀਂ ਬਰਸੀ 21 ਜਨਵਰੀ ਨੂੰ ਪੈਨਸ਼ਨਰ ਭਵਨ ਮਾਨਸਾ ਵਿਖੇ ਮਨਾਈ ਜਾ ਰਹੀ ਹੈ। ਇਸ ਮੌਕੇ ਹੋ ਰਹੀ ਕਨਵੈਨਸ਼ਨ ਨੂੰ ਉੱਘੇ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਨਗੇ।
ਸ਼ਹੀਦ ਲਾਭ ਸਿੰਘ ਯਾਦਗਾਰ ਕਮੇਟੀ ਮਾਨਸਾ ਦੀ ਅੱਜ ਇਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਕਮੇਟੀ ਦੇ ਕਨਵੀਨਰ ਹਰਗਿਆਨ ਸਿੰਘ ਢਿੱਲੋਂ ਅਤੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਦਸਿਆ ਕਿ 1980-81 ਵਿੱਚ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਬੱਸ ਕਿਰਾਏ ਵਿੱਚ ਇਕਮੁਸ਼ਤ ਕੀਤੇ 43% ਦੇ ਵੱਡੇ ਵਾਧੇ ਖ਼ਿਲਾਫ਼ ਸੂਬੇ ਵਿੱਚ 9 ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਉਤੇ ਅਧਾਰਤ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਇਕ ਲੰਬਾ ਤੇ ਜੁਝਾਰੂ ਜਨਤਕ ਸੰਘਰਸ਼ ਲੜਿਆ ਗਿਆ। ਅੰਦੋਲਨ ਦੌਰਾਨ 21 ਜਨਵਰੀ 1981 ਨੂੰ ਸੂਬੇ ਵਿੱਚ ਬੱਸਾਂ ਦੇ ਘਿਰਾਓ ਦਾ ਸੱਦਾ ਸੀ, ਇਸ ਦਿਨ ਪਿੰਡ ਰੱਲਾ ਵਿਖੇ ਸੜਕ ਜਾਮ ਕਰਦੇ ਅੰਦੋਲਨਕਾਰੀਆਂ ਉਤੇ ਪੁਲਿਸ ਵਲੋਂ ਲਾਠੀਚਾਰਜ ਅਤੇ ਫਾਇਰਿੰਗ ਕਰ ਦਿੱਤੀ ਗਈ। ਜਿਸ ਵਿੱਚ ਨੌਜਵਾਨ ਭਾਰਤ ਸਭਾ ਦੀ ਮਾਨਸਾ ਸ਼ਹਿਰ ਇਕਾਈ ਦਾ ਸਰਗਰਮ ਆਗੂ ਕਾਮਰੇਡ ਲਾਭ ਸਿੰਘ ਪੁਲਿਸ ਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਸੀ। ਲਾਭ ਸਿੰਘ ਰਾਮ ਬਾਗ ਰੋਡ 'ਤੇ ਸਥਿਤ ਦਲਿਤ ਕਲੋਨੀ ਦੇ ਇਕ ਮਜ਼ਦੂਰ ਪਰਿਵਾਰ ਦਾ ਜੰਮਪਲ ਸੀ। ਉਸ ਦੀ ਯਾਦ ਵਿੱਚ ਬਣੀ ਸਾਂਝੀ ਕਮੇਟੀ ਨੇ ਜਿਥੇ ਮੁਕੱਦਮੇ ਦੀ ਲੰਬੀ ਪੈਰਵੀ ਕਰਕੇ ਲਾਭ ਸਿੰਘ ਨੂੰ ਗੋਲੀ ਮਾਰਨ ਵਾਲੇ ਥਾਣੇਦਾਰ ਨੂੰ ਸਜ਼ਾ ਕਰਵਾਈ , ਉਥੇ ਲਗਾਤਾਰ ਸ਼ਹੀਦ ਦੇ ਪਰਿਵਾਰ ਦੀ ਸਹਾਇਤਾ ਕਰਨ ਦੇ ਨਾਲ ਨਾਲ ਹਰ ਸਾਲ ਉਸ ਦੀ ਬਰਸੀ ਵੀ ਮਨਾਉਂਦੀ ਆ ਰਹੀ ਹੈ।
ਬਿਆਨ ਵਿੱਚ ਦਸਿਆ ਗਿਆ ਹੈ ਕਿ ਇਸ ਕਨਵੈਨਸ਼ਨ ਵਿੱਚ ਉੱਘੇ ਚਿੰਤਕ ਹਮੀਰ ਸਿੰਘ ਮੋਦੀ ਸਰਕਾਰ ਵਲੋਂ ਲਿਆਂਦੀ ਖੇਤੀ ਜਿਣਸਾਂ ਦੇ ਮੰਡੀਕਰਨ ਦੀ ਨਵੀਂ ਪਾਲਸੀ ਦੇ ਕਿਸਾਨਾਂ ਮਜ਼ਦੂਰਾਂ ਸਮੇਤ ਸਾਡੇ ਪੂਰੇ ਸਮਾਜ ਉਤੇ ਪੈਣ ਵਾਲੇ ਘਾਤਕ ਅਸਰਾਂ ਬਾਰੇ ਚਾਨਣਾ ਪਾਉਣਗੇ। ਯਾਦਗਾਰ ਕਮੇਟੀ ਦੀ ਮੀਟਿੰਗ ਵਿੱਚ ਸੁਰਿੰਦਰ ਪਾਲ ਸ਼ਰਮਾ, ਭਜਨ ਸਿੰਘ ਘੁੰਮਣ, ਤਾਰਾ ਚੰਦ ਬਰੇਟਾ, ਨਛੱਤਰ ਸਿੰਘ ਖੀਵਾ, ਗੁਰਜੰਟ ਸਿੰਘ ਢਿੱਲੋਂ, ਭੀਮ ਸਿੰਘ ਮੰਡੇਰ, ਜਗਦੇਵ ਸਿੰਘ ਭੁਪਾਲ, ਬਲਵਿੰਦਰ ਸਿੰਘ ਘਰਾਂਗਣਾ ਅਤੇ ਗਗਨਦੀਪ ਸਿਰਸੀਵਾਲਾ ਹਾਜ਼ਰ ਸਨ।