ਕਾਦੀਆਂ, 18 ਜਨਵਰੀ,ਬੋਲੇ ਪੰਜਾਬ ਬਿਊਰੋ :
ਸਥਾਨਕ ਛੋਟਾ ਬਿਜਲੀ ਘਰ ਚੌਕ ਬੁੱਟਰ ਰੋਡ ’ਤੇ ਸਥਿਤ ਗੁਰੂ ਲਾਲ ਮਨਿਆਰੀ ਵਾਲੀ 3 ਮੰਜਿਲਾ ਦੁਕਾਨ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਰੋੜਾਂ ਰੁਪਏ ਦੀ ਮਨਿਆਰੀ ਦਾ ਅਤੇ ਹੋਰ ਸਮਾਨ ਸੜ ਕੇ ਰਾਖ ਹੋਣ ਦੀ ਖਬਰ ਹੈ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਅੱਗ ਕਿਵੇਂ ਲੱਗੀ, ਇਸ ਦਾ ਪਤਾ ਹਾਲੇ ਨਹੀਂ ਲੱਗ ਸਕਿਆ। ਮੌਕੇ ’ਤੇ ਮੌਜੂਦ ਨਗਰ ਕੌਂਸਲ ਕਾਦੀਆਂ ਦੇ ਕਾਰਜ ਸਾਧਕ ਅਧਿਕਾਰੀ ਭੂਪਿੰਦਰ ਸਿੰਘ ਨੇ ਦੱਸਿਆ ਕਿ ਇਹ ਅੱਗ ਦੇਰ ਰਾਤ ਲੱਗੀ।
ਦੁਕਾਨ ਵਿੱਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਬਟਾਲਾ ਅਤੇ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਣੀਆਂ ਪਈਆਂ। ਅਹਿਮਦੀਆ ਮੁਸਲਿਮ ਜਮਾਤ ਦੀ ਫਾਇਰ ਬ੍ਰਿਗੇਡ ਅਤੇ ਜਮਾਤ ਦੇ ਨੌਜਵਾਨਾਂ ਨੇ ਜਨਰੇਟਰ ਦੀ ਮਦਦ ਨਾਲ ਵਾਰ-ਵਾਰ ਪਾਣੀ ਭਰ ਕੇ ਅੱਗ ’ਤੇ ਕਾਬੂ ਪਾਉਣ ਵਿੱਚ ਪ੍ਰਸ਼ਾਸਨ ਦਾ ਸਾਥ ਦਿੱਤਾ। ਸੈਨਿਟਰੀ ਇੰਚਾਰਜ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ JCB ਦੀ ਮਦਦ ਨਾਲ ਦੁਕਾਨ ਦੇ ਸ਼ਟਰ ਤੋੜ ਕੇ ਅੱਗ ਬੁਝਾਈ ਗਈ।
ਗੁਰੂ ਲਾਲ ਜਨਰਲ ਸਟੋਰ ਦੇ ਮਾਲਿਕ ਸੰਜੀਵ ਕੁਮਾਰ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿੱਚ ਮਨਿਆਰੀ ਅਤੇ ਜਨਰਲ ਸਟੋਰ ਦਾ ਲਗਭਗ ਕਰੋੜਾਂ ਰੁਪਏ ਦਾ ਸਮਾਨ ਮੌਜੂਦ ਸੀ, ਜੋ ਅੱਗ ਵਿੱਚ ਸੜ ਕੇ ਰਾਖ ਹੋ ਗਿਆ।