ਜਲੰਧਰ, 17 ਜਨਵਰੀ, ਬੋਲੇ ਪੰਜਾਬ ਬਿਊਰੋ :
ਮਹਾਨਗਰ ’ਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਕਾਰਨ ਲੁਟੇਰੇ ਬੇਖੌਫ ਹੋ ਗਏ ਹਨ ਤੇ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਥਾਂ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਘਟਨਾ ਜਲੰਧਰ ਦੀ ਦਾਣਾ ਮੰਡੀ ’ਚ ਉਸ ਸਮੇਂ ਵਾਪਰੀ ਜਦੋਂ ਐੱਚਐੱਮਵੀ ਕਾਲਜ ਨੇੜੇ ਸਥਿਤ ਕਟਿਆਲ ਪੈਟਰੋਲ ਪੰਪ ਦਾ ਮੈਨੇਜਰ ਸਾਗਰ ਦਾਣਾ ਮੰਡੀ ਐੱਸਬੀਆਈ ਬਰਾਂਚ ’ਚ ਨਕਦੀ ਜਮ੍ਹਾ ਕਰਵਾਉਣ ਜਾ ਰਿਹਾ ਸੀ।
ਇਸ ਦੌਰਾਨ ਬਾਈਕ ਸਵਾਰ ਲੁਟੇਰਿਆਂ ਨੇ ਉਸ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਤੇ 4 ਲੱਖ 50 ਹਜਾਰ ਰੁਪਏ ਦੀ ਨਕਦੀ ਲੁੱਟ ਲਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਸੀਸੀਟੀਵੀ ਫੁਟੇਜ ਆਪਣੇ ਕਬਜੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।