ਜਲੰਧਰ, 17 ਜਨਵਰੀ, ਬੋਲੇ ਪੰਜਾਬ ਬਿਊਰੋ :
ਸ਼ਹਿਰ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਕੁਲਚੇ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਹੈਰਾਨੀਜਨਕ ਗੱਲ ਹੈ ਕਿ ਵਿਅਕਤੀ ਕੁਲਚੇ ਵੇਚਣ ਦੀ ਆੜ ਵਿੱਚ ਚਾਈਨਾ ਡੋਰ ਵੇਚ ਰਿਹਾ ਸੀ। ਫਿਲੌਰ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤੇ ਉਸਦੇ ਕੋਲੋਂ ਵੱਡੀ ਮਾਤਰਾ ਵਿੱਚ ਚਾਈਨਾ ਡੋਰ ਬਰਾਮਦ ਕੀਤੀ, ਜਿਸ ਨੂੰ ਉਹ ਕੁਲਚਿਆਂ ਦੀ ਆੜ ਵਿੱਚ ਵੇਚਣ ਦਾ ਕੰਮ ਕਰ ਰਿਹਾ ਸੀ।
ਮੁਲਜ਼ਮ ਪਹਿਚਾਣ ਰਾਮ ਦੇ ਰੂਪ ਵਿੱਚ ਹੋਈ ਹੈ ਜੋ ਅਪਰਾ ਵਿੱਚ ਕੁਲਚੇ ਵੇਚਣ ਦਾ ਕੰਮ ਕਰਦਾ ਸੀ। ਹੋਰ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਅਪਰਾ ਦੇ ਸਬ-ਇੰਸਪੈਕਟਰ ਸਾਹਿਬ ਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਪਰਾ ਵਿੱਚ ਕੁਲਚੇ ਵੇਚਣ ਦੀ ਆੜ ਵਿੱਚ ਚਾਈਨਾ ਡੋਰ ਵੇਚ ਰਿਹਾ ਸੀ ਅਤੇ ਵੱਡੀ ਕਮਾਈ ਕਰ ਰਿਹਾ ਸੀ। ਪੁਲਿਸ ਨੇ ਚਾਈਨਾ ਡੋਰ ਖਿਲਾਫ ਚਲਾਏ ਗਏ ਸਰਚ ਅਭਿਆਨ ਦੇ ਤਹਿਤ ਰੇਡ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਉਸਦੇ ਕਬਜ਼ੇ ਵਿੱਚੋਂ ਦਰਜਨ ਦੇ ਕਰੀਬ ਚਾਈਨਾ ਡੋਰ ਦੇ ਗੱਟੂ ਬਰਾਮਦ ਹੋਏ ਹਨ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਚਾਈਨਾ ਡੋਰ 150 ਰੁਪਏ ਪ੍ਰਤੀ ਗੱਟੂ ਸਸਤੇ ਰੇਟ ’ਤੇ ਖਰੀਦ ਕੇ 500 ਤੋਂ 700 ਰੁਪਏ ਵਿੱਚ ਵੇਚਦਾ ਸੀ।