ਨਵੀਂ ਦਿੱਲੀ, 16 ਜਨਵਰੀ,ਬੋਲੇ ਪੰਜਾਬ ਬਿਊਰੋ :
ਦਿੱਲੀ-ਐਨਸੀਆਰ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਗ੍ਰੈਪ-4 ਦੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਇਸਦੇ ਤਹਿਤ ਹਾਈਵੇ, ਸੜਕਾਂ, ਫਲਾਈਓਵਰਾਂ, ਬਿਜਲੀ ਲਾਈਨਾਂ, ਪਾਈਪਲਾਈਨਾਂ ਅਤੇ ਸਰਕਾਰੀ ਪ੍ਰੋਜੈਕਟਾਂ ਸਮੇਤ ਸਾਰੀਆਂ ਨਿਰਮਾਣ ਗਤੀਵਿਧੀਆਂ ’ਤੇ ਰੋਕ ਰਹੇਗੀ। ਇਲੈਕਟ੍ਰਿਕ, ਸੀਐਨਜੀ ਅਤੇ ਬੀਐਸ-4 ਡੀਜ਼ਲ ਵਾਹਨਾਂ ਨੂੰ ਛੱਡ ਕੇ ਦਿੱਲੀ ਤੋਂ ਬਾਹਰ ਰਜਿਸਟਰ ਹੋਏ ਗੈਰ-ਜ਼ਰੂਰੀ ਹਲਕੇ ਵਪਾਰਕ ਵਾਹਨਾਂ ’ਤੇ ਵੀ ਪਾਬੰਦੀ ਲੱਗੇਗੀ। ਇਸ ਦੇ ਨਾਲ, ਦਿੱਲੀ ਸਰਕਾਰ ਦੇ ਸਿਖਿਆ ਵਿਭਾਗ ਨੇ 10ਵੀਂ ਅਤੇ 12ਵੀਂ ਨੂੰ ਛੱਡ ਕੇ ਬਾਕੀ ਸਾਰੀਆਂ ਕਲਾਸਾਂ ਨੂੰ ਹਾਈਬ੍ਰਿਡ ਮੋਡ ਵਿੱਚ ਚਲਾਉਣ ਦਾ ਹੁਕਮ ਜਾਰੀ ਕੀਤਾ ਹੈ।
ਕਾਰਖਾਨਿਆਂ, ਨਿਰਮਾਣ ਕੰਮਾਂ ਅਤੇ ਟ੍ਰੈਫਿਕ ’ਤੇ ਸਖ਼ਤ ਪਾਬੰਦੀਆਂ ਰਹਿਣਗੀਆਂ। ਦਿੱਲੀ ਵਿੱਚ ਟਰੱਕ ਲੋਡਰ ਸਮੇਤ ਹੋਰ ਭਾਰੀ ਵਾਹਨਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰਿਆਂ ਤਰ੍ਹਾਂ ਦੇ ਨਿਰਮਾਣ ਅਤੇ ਤੋੜਫੋੜ ਕੰਮਾਂ ’ਤੇ ਰੋਕ ਹੋਵੇਗੀ। ਕੱਚੀਆਂ ਸੜਕਾਂ ’ਤੇ ਜਾਂ ਨਿਰਮਾਣ ਸਮੱਗਰੀ ਲਿਜਾਣ ਵਾਲੇ ਵਾਹਨਾਂ ’ਤੇ ਵੀ ਪਾਬੰਦੀ ਲੱਗੇਗੀ। ਖੁੱਲ੍ਹੇ ਵਿੱਚ ਕੂੜਾ ਸਾੜਨ ’ਤੇ ਰੋਕ ਹੋਵੇਗੀ, ਪੌਲੀਥਿਨ ਅਤੇ ਪ੍ਰਦੂਸ਼ਣਕਾਰੀ ਪਦਾਰਥਾਂ ਦੀ ਵਰਤੋਂ ’ਤੇ ਵੀ ਪਾਬੰਦੀ ਰਹੇਗੀ।