ਮੁੰਬਈ, 16 ਜਨਵਰੀ,ਬੋਲੇ ਪੰਜਾਬ ਬਿਊਰੋ :
ਮਸ਼ਹੂਰ ਬਾਲੀਵੁੱਡ ਐਕਟਰ ਸੈਫ ਅਲੀ ਖਾਨ ਉੱਤੇ ਬੁੱਧਵਾਰ ਦੇਰ ਰਾਤ ਉਹਨਾਂ ਦੇ ਹੀ ਘਰ ਵਿੱਚ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਉਹਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਅੱਧੀ ਰਾਤ ਨੂੰ ਅਦਾਕਾਰ ਦੇ ਬਾਂਦਰਾ ਸਥਿਤ ਘਰ ਵਿੱਚ ਹੋਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਾਂਦਰਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਜਾਣਕਾਰੀ ਮੁਤਾਬਕ, ਇੱਕ ਅਣਪਛਾਤਾ ਵਿਅਕਤੀ ਸੈਫ ਦੇ ਘਰ ਵਿੱਚ ਦਾਖਲ ਹੋਇਆ। ਦੋਹਾਂ ਵਿਚਕਾਰ ਹੱਥਾਪਾਈ ਹੋਈ। ਘਟਨਾ ਦੇ ਸਮੇਂ ਅਦਾਕਾਰ ਦੇ ਕੁਝ ਪਰਿਵਾਰਕ ਮੈਂਬਰ ਵੀ ਘਰ ਵਿੱਚ ਮੌਜੂਦ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਘਰ ਵਿੱਚ ਦਾਖਲ ਹੋਏ ਵਿਅਕਤੀ ਦੀ ਨੌਕਰਾਣੀ ਨਾਲ ਬਹਿਸ ਹੋਈ। ਜਦ ਅਦਾਕਾਰ ਨੇ ਵਿਚਕਾਰ ਆ ਕੇ ਉਸ ਵਿਅਕਤੀ ਨੂੰ ਸਮਝਾਉਣ ਅਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਸੈਫ ਅਲੀ ਖਾਨ ਉੱਤੇ ਹਮਲਾ ਕਰ ਦਿੱਤਾ।
ਪੁਲਿਸ ਮੁਤਾਬਕ, ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਉੱਤੇ ਘਰ ਵਿੱਚ ਦਾਖਲ ਹੋਏ ਚੋਰ ਨੇ ਚਾਕੂ ਨਾਲ ਹਮਲਾ ਕੀਤਾ। ਉਹਨਾਂ ਨੂੰ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।