ਫਤਿਹਗੜ੍ਹ ਸਾਹਿਬ, 16 ਜਨਵਰੀ,ਬੋਲੇ ਪੰਜਾਬ ਬਿਊਰੋ :
ਫਤਿਹਗੜ੍ਹ ਸਾਹਿਬ ਦੇ ਖਮਾਣੋਂ ਨੇੜੇ ਪਿੰਡ ਜਟਾਣਾਂ ਉੱਚਾ ਵਿਖੇ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਵਿੱਤਰ ਸਿੰਘ ਦੇ ਘਰ ’ਤੇ ਅੰਨੇਵਾਹ ਫਾਇਰਿੰਗ ਕਰ ਦਿੱਤੀ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੁਚਨਾ ਤਾਂ ਨਹੀਂ ਮਿਲੀ, ਪਰ ਗੋਲੀਆਂ ਨਾਲ ਘਰ ਦਾ ਗੇਟ ਛਲਣੀ ਹੋ ਗਿਆ ਅਤੇ ਹਮਲਾਵਰ ਗੋਲੀਆਂ ਚਲਾਉਂਦੇ ਹੋਏ ਰਸੋਈ ਤੱਕ ਪਹੁੰਚ ਗਏ।
ਪਵਿੱਤਰ ਸਿੰਘ ਦੇ ਪਰਿਵਾਰ ਅਨੁਸਾਰ, ਹਮਲਾਵਰ ਗੋਲੀਬਾਰੀ ਦੇ ਬਾਅਦ ਜਾਂਦੇ ਹੋਏ ਘਰ ਦੇ ਗੇਟ ਦੇ ਸਾਹਮਣੇ ਇੱਕ ਮਠਿਆਈ ਦਾ ਡੱਬਾ ਰੱਖ ਗਏ। ਇਹ ਡੱਬਾ ਰੱਖਣ ਦੇ ਚਲਦਿਆਂ ਘਟਨਾ ਹੋਰ ਵੀ ਸ਼ੱਕੀ ਹੋ ਗਈ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਖਮਾਣੋਂ ਦੇ ਇੰਚਾਰਜ ਐੱਸ.ਆਈ. ਬਲਵੀਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਮੈਂਬਰ ਪਵਿੱਤਰ ਸਿੰਘ ਅਤੇ ਜਸਵੀਰ ਸਿੰਘ ਤੋਂ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਫਾਇਰਿੰਗ ਦਾ ਮਕਸਦ ਕੀ ਸੀ ਅਤੇ ਹਮਲਾਵਰ ਕੌਣ ਸਨ, ਇਸ ਦੀ ਪੜਤਾਲ ਸ਼ੁਰੂ ਹੋ ਚੁੱਕੀ ਹੈ।ਪਿੰਡ ਦੇ ਲੋਕਾਂ ਵਿੱਚ ਇਸ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਹੈ।