ਮੋਗਾ, 15 ਜਨਵਰੀ,ਬੋਲੇ ਪੰਜਾਬ ਬਿਊਰੋ:
ਮੋਗਾ ਪੁਲਿਸ ਨੇ ਲੁਟ-ਖੋਹ ਦੀ ਯੋਜਨਾ ਬਣਾ ਰਹੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸਦੇ 5 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ, ਰੇਲਵੇ ਰੋਡ ’ਤੇ ਇੱਕ ਫੈਕਟਰੀ ਦੇ ਨਜ਼ਦੀਕ ਪਹੁੰਚਣ ਸਮੇਂ ਉਨ੍ਹਾਂ ਨੂੰ ਗੁਪਤ ਸੂਤਰਾਂ ਰਾਹੀਂ ਜਾਣਕਾਰੀ ਮਿਲੀ ਕਿ ਸੁਖਬੀਰ ਸਿੰਘ ਉਰਫ਼ ਗੋਰਾ ਨਿਵਾਸੀ ਪਿੰਡ ਹਰਦਾਸ ਜੀਰਾ, ਜਸ਼ਨਦੀਪ ਸਿੰਘ ਉਰਫ਼ ਫੌਜੀ ਨਿਵਾਸੀ ਫਤਿਹਗੜ੍ਹ ਪੰਜਤੂਰ, ਕਰਨ ਨਿਵਾਸੀ ਬਸਤੀ ਮਾਛੀਆਂ ਜੀਰਾ, ਜਸਵਿੰਦਰ ਸਿੰਘ ਉਰਫ਼ ਗੋਰਾ ਨਿਵਾਸੀ ਪਿੰਡ ਧੂੜਕੋਟ ਚੜਤ ਸਿੰਘ ਵਾਲਾ ਅਤੇ ਪ੍ਰੀਤ ਕੁਮਾਰ ਨਿਵਾਸੀ ਸਰਾਭਾ ਨਗਰ ਲੁਧਿਆਣਾ ਮਿਲ ਕੇ ਲੁਟ ਖੋਹ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕੋਲ ਹਥਿਆਰ ਵੀ ਹਨ।
ਇਸ ‘ਤੇ ਪੁਲਿਸ ਪਾਰਟੀ ਨੇ ਦੱਸੀ ਗਈ ਥਾਂ ’ਤੇ ਛਾਪਾਮਾਰੀ ਕਰਕੇ ਪੰਜੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਇੱਕ ਕਾਰ, ਇੱਕ ਮੋਟਰਸਾਇਕਲ ਅਤੇ ਇੱਕ 32 ਬੋਰ ਪਿਸਤੌਲ ਬਰਾਮਦ ਕੀਤਾ।
ਪੁਲਿਸ ਵੱਲੋਂ ਕੀਤੀ ਗਈ ਛਾਪਾਮਾਰੀ ਦੌਰਾਨ, ਕਥਿਤ ਮੁਲਜ਼ਮ ਲਿਆਕਤ ਸਿੰਘ ਗਿੱਲ ਨਿਵਾਸੀ ਬਸਤੀ ਮਾਛੀਆਂ ਜੀਰਾ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਸਬੰਧ ਵਿੱਚ ਥਾਣਾ ਮੁਖੀ ਇੰਸਪੈਕਟਰ ਗੁਲਜਿੰਦਰ ਪਾਲ ਸਿੰਘ ਨੇ ਦੱਸਿਆ ਕਿ 6 ਕਥਿਤ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਟੀ ਸਾਊਥ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਭਗੌੜੇ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।