ਲੁਧਿਆਣਾ, 14 ਜਨਵਰੀ,ਬੋਲੇ ਪੰਜਾਬ ਬਿਊਰੋ :
ਚਾਨੀਨਾ ਡੋਰ ਨੂੰ ਲੈਕੇ ਪ੍ਰਸ਼ਾਸਨ ਵੱਲੋਂ ਸਖ਼ਤੀ ਕਰਨ ਦੇ ਦਾਵਿਆਂ ਦੇ ਬਾਵਜੂਦ ਪਲਾਸਟਿਕ ਡੋਰ ਦੀ ਵਰਤੋਂ ਵਿਆਪਕ ਪੱਧਰ ’ਤੇ ਹੋ ਰਹੀ ਹੈ। ਲੋਹੜੀ ਦੇ ਮੌਕੇ ’ਤੇ ਚਾਈਨਾ ਡੋਰ ਨੇ ਇਕ ਨੌਜਵਾਨ ਕੁੜੀ ਨੂੰ ਆਪਣੇ ਘਰ ਦੀ ਬਜਾਏ ਹਸਪਤਾਲ ਪਹੁੰਚਾ ਦਿੱਤਾ। ਉਸਦੇ ਬੁੱਲ੍ਹ ਤੇ ਗੱਲ੍ਹ ਬੁਰੀ ਤਰ੍ਹਾਂ ਕੱਟ ਗਏ, ਜਿਸ ਕਾਰਨ ਉਸਦੀ ਪਲਾਸਟਿਕ ਸਰਜਰੀ ਕਰਨੀ ਪਈ।
ਜਾਣਕਾਰੀ ਮੁਤਾਬਕ, ਸੋਮਵਾਰ ਦੁਪਹਿਰ ਨੂੰ 18 ਸਾਲਾਂ ਦੀ ਇਕ ਕੁੜੀ, ਜੋ ਐਕਟੀਵਾ ’ਤੇ ਸਿਵਲ ਲਾਈਨ ਸਥਿਤ ਆਪਣੇ ਘਰ ਜਾ ਰਹੀ ਸੀ, ਜਦੋਂ ਉਸਨੇ ਫਿਰੋਜ਼ਪੁਰ ਰੋਡ ਤੋਂ ਹੋਟਲ ਓਨ ਵੱਲ ਜਾਣ ਲਈ ਐਕਟੀਵਾ ਮੋੜੀ, ਤਾਂ ਇੱਕ ਪਲਾਸਟਿਕ ਡੋਰ ਉਸਦੇ ਚਿਹਰੇ ਨਾਲ ਲਿਪਟ ਗਈ। ਡੋਰ ਨੇ ਉਸਦੇ ਬੁੱਲ੍ਹ ਅਤੇ ਗੱਲ੍ਹ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਹ ਲਹੂ-ਲੁਹਾਨ ਹਾਲਤ ਵਿੱਚ ਥੱਲੇ ਡਿਗ ਪਈ। ਬਾਅਦ ਵਿੱਚ ਉਸਦੇ ਪਰਿਵਾਰਕ ਮੈਂਬਰ ਉਸਨੂੰ ਅਰੋੜਾ ਨਿਊਰੋ ਸੈਂਟਰ ਲੈ ਕੇ ਗਏ।
ਇਥੇ, ਕਰਿਟਿਕਲ ਕੇਅਰ ਵਿਭਾਗ ਦੇ ਮੁਖੀ ਡਾਕਟਰ ਗੌਰਵ ਸਚਦੇਵਾ ਨੇ ਉਸਦੀ ਹਾਲਤ ਵੇਖ ਕੇ ਕੌਸਮੈਟਿਕ ਸਰਜਨ ਡਾਕਟਰ ਅਭਿਨਵ ਸਚਦੇਵਾ ਦੀ ਮਦਦ ਲਈ। ਡਾਕਟਰ ਅਭਿਨਵ ਸਚਦੇਵਾ ਨੇ ਉਸਦੀ ਕੌਸਮੈਟਿਕ ਸਰਜਰੀ ਕੀਤੀ। ਡਾਕਟਰ ਗੌਰਵ ਸਚਦੇਵਾ ਨੇ ਦੱਸਿਆ ਕਿ ਕੁੜੀ ਦਾ ਬਹੁਤ ਸਾਰਾ ਖੂਨ ਵਹਿ ਰਿਹਾ ਸੀ। ਮਾਈਕ੍ਰੋਸਕੋਪ ਦੀ ਮਦਦ ਨਾਲ ਉਸਦੇ ਸੌ ਛੋਟੇ ਟਾਂਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਕੌਸਮੈਟਿਕ ਸਰਜਰੀ ਤੋਂ ਬਾਅਦ ਕੁੜੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।