ਲੁਧਿਆਣਾ, 14 ਜਨਵਰੀ, ਬੋਲੇ ਪੰਜਾਬ ਬਿਊਰੋ :
ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਬਿਹਾਰ ਤੋਂ ਲੁਧਿਆਣਾ ਵਿੱਚ ਅਫੀਮ ਦੀ ਸਪਲਾਈ ਕਰਨ ਆਇਆ ਸੀ। ਨਸ਼ਾ ਤਸਕਰ ਨੂੰ ਥਾਣਾ ਜੀਆਰਪੀ ਦੀ ਪੁਲਿਸ ਨੇ ਕਾਬੂ ਕੀਤਾ। ਇਸ ਦੌਰਾਨ ਦੋਸ਼ੀ ਦੇ ਕਬਜ਼ੇ ਤੋਂ 1 ਕਿਲੋ 200 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ।
ਪੁਲਿਸ ਨੇ ਦੋਸ਼ੀ ਦੇ ਖਿਲਾਫ਼ ਨਸ਼ਾ ਤਸਕਰੀ ਦੇ ਦੋਸ਼ਾਂ ’ਚ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਦੋਸ਼ੀ ਦੀ ਪਛਾਣ ਬਿਹਾਰ ਦੇ ਜ਼ਿਲ੍ਹਾ ਬੇਤੀਆ, ਮੁਰਾਰੀ ਸ਼ਾਹ ਵਜੋਂ ਕੀਤੀ ਹੈ। ਪੁਲਿਸ ਨੇ ਦੋਸ਼ੀ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ।
ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਗਸ਼ਤ ਦੇ ਦੌਰਾਨ ਚੈਕਿੰਗ ਕਰ ਰਹੀ ਸੀ। ਉਕਤ ਦੋਸ਼ੀ ਸ਼ੱਕੀ ਹਾਲਤ ਵਿੱਚ ਖੜਾ ਸੀ। ਸ਼ੱਕ ਹੋਣ ’ਤੇ ਉਸਦੀ ਤਲਾਸ਼ੀ ਲਈ ਗਈ ਤਾਂ ਦੋਸ਼ੀ ਤੋਂ ਅਫੀਮ ਬਰਾਮਦ ਹੋਈ। ਪੁਲਿਸ ਇਸ ਮਾਮਲੇ ਨੂੰ ਲੈਕੇ ਜਾਂਚ ਕਰ ਰਹੀ ਹੈ।