ਕੋਲੰਬੋ, 13 ਜਨਵਰੀ, ਬੋਲੇ ਪੰਜਾਬ ਬਿਊਰੋ :
ਸ੍ਰੀਲੰਕਾ ਦੀ ਨੇਵੀ ਨੇ 8 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਕਿਸ਼ਤੀਆਂ ਜ਼ਬਤ ਕਰ ਲਈਆਂ। ਸ੍ਰੀਲੰਕਾ ਦਾ ਦੋਸ਼ ਹੈ ਕਿ ਇਹ ਲੋਕ ਗੈਰਕਾਨੂੰਨੀ ਤਰੀਕੇ ਨਾਲ ਉਸਦੇ ਜਲਖੇਤਰ ਵਿੱਚ ਮਛੀਆਂ ਫੜ ਰਹੇ ਸਨ। ਸ੍ਰੀਲੰਕਾ ਸਰਕਾਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਨੇਵੀ ਨੇ ਮੰਨਾਰ ਦੇ ਉੱਤਰ ਵਿੱਚ ਖ਼ਾਸ ਅਭਿਆਨ ਚਲਾ ਕੇ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਲੰਕਾਈ ਨੇਵੀ ਨੇ ਕਿਹਾ ਕਿ ਬੀਤੀ ਰਾਤ ਭਾਰਤੀ ਮਛੇਰਿਆਂ ਦੇ ਇੱਕ ਗਰੁੱਪ ਨੂੰ ਗੈਰਕਾਨੂੰਨੀ ਤਰੀਕੇ ਨਾਲ ਉਸਦੇ ਜਲਖੇਤਰ ਵਿੱਚ ਮਛੀਆਂ ਫੜਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਨੇਵੀ ਨੇ ਫਾਸਟ ਅਟੈਕ ਕ੍ਰਾਫਟ ਅਤੇ ਇਨਸ਼ੋਰ ਪੈਟਰੋਲ ਕ੍ਰਾਫਟ ਦੇ ਜ਼ਰੀਏ ਇਨ੍ਹਾਂ ਦੇ ਖ਼ਿਲਾਫ਼ ਅਭਿਆਨ ਚਲਾਇਆ।
ਭਾਰਤੀ ਮਛੇਰਿਆਂ ਨੂੰ ਅਗਲੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਸਾਲ ਹੁਣ ਤੱਕ 18 ਭਾਰਤੀ ਮਛੀ ਫੜਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ 3 ਕਿਸ਼ਤੀਆਂ ਨੂੰ ਜ਼ਬਤ ਕੀਤਾ ਗਿਆ ਹੈ।