ਸ਼੍ਰੀਨਗਰ, 13 ਜਨਵਰੀ,ਬੋਲੇ ਪੰਜਾਬ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗਾਂਦਰਬਲ ਤੋਂ ਲੇਹ ਤੱਕ ਸੁਗਮ ਯਾਤਰਾ ਦੀ ਸੌਗਾਤ ਦੇਣਗੇ। ਸਵੇਰੇ 10 ਵਜੇ ਸੋਨਮਰਗ ਤੋਂ ਪਹਿਲਾਂ ਸ਼ੁਟਕੜੀ ਨਾਂਕ ਥਾਂ ’ਤੇ ਪ੍ਰਧਾਨ ਮੰਤਰੀ ਜ਼ੈਡ ਮੋੜ ਸੁਰੰਗ ਦਾ ਉਦਘਾਟਨ ਕਰਨਗੇ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਰਹਿਣਗੇ। ਪੀਐਮ ਮੋਦੀ ਦੇ ਦੌਰੇ ਨੂੰ ਲੈ ਕੇ ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਹ ਪ੍ਰਾਜੈਕਟ ਖੇਤਰੀ ਵਿਕਾਸ ਅਤੇ ਕਨੈਕਟਿਵਿਟੀ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕਦਮ ਮੰਨਿਆ ਜਾ ਰਿਹਾ ਹੈ। ਇਸ ਦੇ ਬਣਨ ਨਾਲ ਜੰਮੂ-ਕਸ਼ਮੀਰ ਵਿੱਚ ਸੋਨਮਰਗ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ। ਇਹ ਸੁਰੰਗ 6.5 ਕਿਲੋਮੀਟਰ ਲੰਬੀ ਹੈ।
ਸੁਰੰਗ ਦੇ ਉਦਘਾਟਨ ਤੋਂ ਪਹਿਲਾਂ ਗਾਂਦਰਬਲ ਜ਼ਿਲ੍ਹੇ ਸਮੇਤ ਸਾਰੀ ਘਾਟੀ ਵਿੱਚ ਸੁਰੱਖਿਆ ਵਧਾਈ ਗਈ ਹੈ। ਸੁਰੰਗ ਨੂੰ ਸਪੈਸ਼ਲ ਪ੍ਰੋਟੈਕਸ਼ਨ ਫੋਰਸ (ਐਸਪੀਜੀ) ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਟੀਮ ਨੇ ਸੁਰੱਖਿਆ ਘੇਰੇ ਵਿੱਚ ਲੈ ਲਿਆ ਹੈ। ਉਦਘਾਟਨ ਵਾਲੀ ਜਗ੍ਹਾ ਨੂੰ ਆਮ ਲੋਕਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਡਰੋਨ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਵਾਹਨਾਂ ਅਤੇ ਯਾਤਰੀਆਂ ਦੀ ਗਹਿਰਾਈ ਨਾਲ ਤਲਾਸ਼ੀ ਦੇ ਬਾਅਦ ਹੀ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜਗ੍ਹਾ-ਜਗ੍ਹਾ ਸੀਸੀਟੀਵੀ ਕੈਮਰੇ ਲਗਾਏ ਗਏ ਹਨ।