ਲਾਸ ਏਂਜਲਸ, 11 ਜਨਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਦੇ ਦੂਜੇ ਵੱਡੇ ਸ਼ਹਿਰ ਲਾਸ ਏਂਜਲਸ ਦੇ ਨੇੜਲੇ ਜੰਗਲ ’ਚ ਬੀਤੇ ਦਿਨੀ ਸਵੇਰੇ ਲੱਗੀ ਅੱਗ ਚੌਥੇ ਦਿਨ ਵੀ ਬੇਕਾਬੂ ਹੈ। ਅੱਗ ਨੇ ਫੈਸ਼ਨ ਦੀ ਚਮਕ ਵਾਲਾ ਲਾਸ ਏਂਜਲਸ ਸ਼ਹਿਰ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ ਤੇ 10 ਹਜ਼ਾਰ ਤੋਂ ਵੱਧ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਬਚਾਅ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ 10 ਲੋਕਾਂ ਦੀ ਜਾਨ ਚਲੀ ਗਈ ਤੇ 1,80,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਦੋ ਲੱਖ ਹੋਰਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ’ਤੇ ਜਾਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਇਲਾਕੇ ’ਚ ਚੱਲ ਰਹੀ ਤੇਜ਼ ਹਵਾ ਤੇ ਖੁਸ਼ਕ ਮੌਸਮ ਅੱਗ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਰਿਹਾ ਹੈ। ਇਸ ਨੂੰ ਕੈਲੀਫੋਰਨੀਆ ਸੂਬੇ ਦੀ ਸਭ ਤੋਂ ਵੱਡੀ ਤ੍ਰਾਸਦੀ ਮੰਨਿਆ ਜਾ ਰਿਹਾ ਹੈ।