ਬਟਾਲਾ, 10 ਜਨਵਰੀ, ਬੋਲੇ ਪੰਜਾਬ ਬਿਊਰੋ :
ਬਟਾਲਾ ਦੀ ਸਹਿਕਾਰੀ ਗੰਨਾ ਮਿੱਲ ਦੀ ਗੰਨਾ ਪੀੜਨ ਦੀ ਸਮਰੱਥਾ ਵਧਣ ਦੇ ਨਾਲ ਪੰਜ ਹਲਕਿਆਂ ਦੇ ਕਿਸਾਨਾਂ ਨੂੰ ਦੁਗਣਾ ਲਾਭ ਹੋ ਰਿਹਾ ਹੈ, ਜਿਸ ਨਾਲ ਗੰਨਾ ਬੀਜਣ ਵਾਲੇ ਕਿਸਾਨ ਬਾਗੋ ਬਾਗ ਹੋਏ ਪਏ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਬਟਾਲਾ ਵਿਖੇ ਸਹਿਕਾਰੀ ਗੰਨਾ ਮਿੱਲ ਬਟਾਲਾ ਵਿੱਚ 296 ਕਰੋੜ ਦੀ ਲਾਗਤ ਅਤੇ 3500 ਟਨ ਵਾਲਾ ਨਵਾਂ ਪਲਾਂਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 6 ਦਸੰਬਰ ਨੂੰ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ ਸੀ। 296 ਕਰੋੜ ਰੁਪਏ ਦੀ ਲਾਗਤ ਨਾਲ ਇਸ ਅੱਪਗ੍ਰੇਡ ਖੰਡ ਮਿੱਲ ਦਾ ਨਵੀਨੀਕਰਨ ਕੀਤਾ ਗਿਆ ਸੀ ਅਤੇ 1500 ਟੀਸੀਡੀ ਤੋਂ 3500 ਟੀਸੀਡੀ ਗੰਨੇ ਦੀ ਪਿੜਾਈ ਕਰਨ ਦੀ ਸਮਰੱਥਾ ਹੋ ਗਈ ਹੈ।
ਇਸ ਮਿੱਲ ਵਿੱਚ 14 ਮੈਗਾਵਾਟ ਦਾ ਕੋ-ਜੈਨਰੇਸ਼ਨ ਪਲਾਂਟ ਵੀ ਸ਼ੁਰੂ ਕੀਤਾ ਗਿਆ ਹੈ। ਇਸ ਮਿੱਲ ਵਿੱਚ ਰਿਫਾਇੰਡ ਖੰਡ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਕਰਨ ਵਾਲੀ ਇਹ ਸੂਬੇ ਦੀ ਪਹਿਲੀ ਸਹਿਕਾਰੀ ਖੰਡ ਮਿੱਲ ਬਣ ਗਈ ਹੈ। ਮਿੱਲ ਦੇ ਮੌਜੂਦਾ ਸੀਜ਼ਨ ਦੌਰਾਨ 35 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਨ ਦਾ ਟੀਚਾ ਹੈ ਅਤੇ ਇਹ ਵਾਤਾਵਰਣ ਪੱਖੀ ਪਲਾਂਟ ਹੈ। ਇਹ ਪਲਾਂਟ ਰੋਜ਼ਾਨਾ 150 ਟਨ ਤੋਂ ਵੱਧ ਰਹਿੰਦ-ਖੂੰਹਦ ਨੂੰ ਪ੍ਰੋਸੈਸ ਕਰੇਗਾ ਅਤੇ 20 ਟਨ ਆਰਗੈਨਿਕ ਖਾਦ ਤਿਆਰ ਕਰੇਗਾ ਜਿਸ ਨਾਲ ਸਥਾਨਕ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ।