ਚੰਡੀਗੜ੍ਹ 10 ਜਨਵਰੀ ,ਬੋਲੇ ਪੰਜਾਬ ਬਿਊਰੋ:
ਪਿਛਲੇ ਲੰਮੇ ਸਮੇਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ। ਉਹ ਕਰੀਬ 46 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ। ਰਜਿੰਦਰਾ ਹਸਪਤਾਲ, ਪਟਿਆਲਾ ਦੇ ਗਠਿਤ ਡਾਕਟਰਾਂ ਦੇ ਬੋਰਡ ਨੇ ਬੀਤੇ ਕੱਲ੍ਹ ਖਨੌਰੀ ਪਹੁੰਚ ਕੇ ਡੱਲੇਵਾਲ ਦਾ ਅਲਟਰਾਸਾਊਂਡ ਅਤੇ ਹੋਰ ਟੈਸਟ ਕਰਵਾਏ ਜਿਸ ਦੀ ਰਿਪੋਰਟ ਅੱਜ ਆਵੇਗੀ। ਇਸ ਵਿਚਾਲੇ ਹੀ ਕਿਸਾਨ ਆਗੂ ਡੱਲੇਵਾਲ ਨੇ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਜਗਜੀਤ ਸਿੰਘ ਡੱਲੇਵਾਲ ਨੇ ਇਕ ਵੀਡੀਉ ਸੰਦੇਸ਼ ਸਾਂਝਾ ਕੀਤਾ ਹੈ। ਜੇਕਰ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਮੰਗਾਂ ਮੰਨ ਲੈਂਦੇ ਹਨ ਤਾਂ ਮੈਂ ਭੁੱਖ ਹੜਤਾਲ ਛੱਡ ਦੇਵਾਂਗਾ। ਮਰਨ ਵਰਤ ਸਾਡਾ ਕੋਈ ਵਪਾਰ ਨਹੀਂ, ਨਾ ਹੀ ਇਹ ਸਾਡਾ ਸ਼ੋਂਕ ਹੈ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਭਾਜਪਾ ਆਗੂ ਗ਼ਲਤ ਦਿਸ਼ਾ ਵਲ ਜਾ ਰਹੇ ਹਨ। ਉਨ੍ਹਾਂ ਨੂੰ ਅਕਾਲ ਤਖ਼ਤ ਕੋਲ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਤਕ ਪਹੁੰਚ ਕਰ ਕੇ ਮਾਮਲੇ ਦੇ ਹੱਲ ਲਈ ਉਨ੍ਹਾਂ ਦਾ ਦਖ਼ਲ ਲੈਣਾ ਚਾਹੀਦਾ ਹੈ।ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, ‘ਤੁਹਾਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਦਫ਼ਤਰ ਜਾਣਾ ਚਾਹੀਦਾ ਹੈ, ਜੋ ਪਹਿਲਾਂ ਹੀ ਸਾਡੇ ਮੁੱਦੇ ’ਤੇ ਅਪਣੀ ਚਿੰਤਾ ਪ੍ਰਗਟ ਕਰ ਚੁਕੇ ਹਨ। ਤੁਹਾਨੂੰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ਵੀ ਜਾਣਾ ਚਾਹੀਦਾ ਹੈ।