9 ਜਨਵਰੀ ਮਾਨਸਾ ,ਬੋਲੇ ਪੰਜਾਬ ਬਿਊਰੋ :
ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਵੱਲੋਂ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿੱਚ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜਿਲਾ ਕਮੇਟੀ ਮੈਂਬਰ ਅਮਨਦੀਪ ਕੌਰ ਉੱਡਤ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਦੇਸ਼ ਅੰਦਰ ਸਿੱਖਿਆ ਅਤੇ ਰੁਜ਼ਗਾਰ ਉੱਪਰ ਹੋ ਰਹੇ ਹਮਲਿਆਂ ਉੱਪਰ ਵਿਚਾਰ ਕੀਤੀ ਗਈ।ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਅਤੇ ਜ਼ਿਲ੍ਹਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਅੰਦਰ ਪੇਪਰ ਲੀਕ,ਰੇਪ ਕਾਂਡ,ਨਸ਼ਿਆਂ ਦੇ ਵੱਧ ਰਹੇ ਰੁਝਾਨ,ਬੇਰੁਜ਼ਗਾਰੀ ਦੇ ਖਾਤਮੇ,ਜਿਣਸਾਂ ਦੇ ਘੱਟ ਤੋਂ ਘੱਟ ਸਮਰਥਨ ਮੁੱਲ (ਐੱਮ ਐੱਸ ਪੀ)ਰੁਜ਼ਗਾਰ ਪ੍ਰਾਪਤੀ ਅਤੇ ਸਿੱਖਿਆ ਦੇ ਨਿੱਜੀਕਰਨ ਦੇ ਖ਼ਿਲਾਫ਼ ਉੱਠ ਰਹੇ ਸੁਆਲਾਂ ਤੋਂ ਧਿਆਨ ਭਟਕਾਉਣ ਦੇ ਲਈ ਫਿਰਕੂ ਏਜੰਡੇ ਨੂੰ ਉਭਾਰ ਰਹੀ ਹੈ।ਸਰਕਾਰ ਦੇ ਇਸ ਵਤੀਰੇ ਕਾਰਨ ਜਿੱਥੇ ਦੇਸ਼ ਦੇ ਵਿਦਿਆਰਥੀ-ਨੌਜਵਾਨ ਬੁਰੀ ਤਰ੍ਹਾਂ ਪਿਸ ਰਹੇ ਹਨ ਉੱਥੇ ਕਿਰਤੀ ਵਰਗ ਵੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਸੰਘਰਸ਼ ਦੇ ਰਾਹ ਤੁਰਨ ਲਈ ਵਚਨਬੱਧ ਹੈ।
ਆਗੂਆਂ ਨੇ ਕਿਹਾ ਕਿ ਆਇਸਾ ਵੱਲੋਂ ਨਵੀਂ ਸਿੱਖਿਆ ਨੀਤੀ,ਚਾਰ ਸਾਲਾ ਗ੍ਰੈਜੂਏਸ਼ਨ ਕੋਰਸ,ਫੀਸਾਂ ਵਿੱਚ ਵਾਧੇ ਦੇ ਖਿਲਾਫ,ਨਾੱਨ ਨੈੱਟ ਫੈਲੋਸ਼ਿਪ ਨੂੰ ਵਧਾਏ ਜਾਣ ਅਤੇ ਲਾਇਬ੍ਰੇਰੀਆਂ ਨੂੰ ਬਚਾਉਣ ਲਈ ਅੰਦੋਲਨ ਕੀਤਾ ਜਾਵੇਗਾ ਅਤੇ ਘੱਟ ਗਿਣਤੀਆਂ ਨੂੰ ਲਾਮਬੰਦ ਕਰਕੇ ਫਿਰਕੂ ਏਜੰਡੇ ਖਿਲਾਫ ਸੰਘਰਸ਼ ਤੇਜ਼ ਕੀਤਾ ਜਾਵੇਗਾ। ਵਿਦਿਆਰਥੀ ਚੋਣਾਂ ਨੂੰ ਬਹਾਲ ਕਰਵਾਉਣ ਦੇ ਏਜੰਡੇ ਤਹਿਤ ਨਵੀਂ ਲੀਡਰਸ਼ਿਪ ਨੂੰ ਭਰਤੀ ਕੀਤਾ ਜਾਵੇਗਾ। ਵਿੱਦਿਅਕ ਸੰਸਥਾਵਾਂ ਵਿੱਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਜਥੇਬੰਦਕ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਅਤੇ ਜਿਲ੍ਹਾ ਲਾਇਬ੍ਰੇਰੀ ਨੂੰ ਬਚਾਉਣ ਲਈ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਇਕਾਈ ਪ੍ਰਧਾਨ ਅਤੇ ਜਿਲ੍ਹਾ ਕਮੇਟੀ ਮੈਂਬਰ ਗਗਨਦੀਪ ਕੌਰ ਮਾਨਸਾ,ਜ਼ਿਲ੍ਹਾ ਕਮੇਟੀ ਮੈਂਬਰ ਹਰਪ੍ਰੀਤ ਕੌਰ ਡੇਲੂਆਣਾ,ਜ਼ਿਲਾ ਕਮੇਟੀ ਮੈਂਬਰ ਹੁਸਨਦੀਪ ਕੌਰ ਮੌਜੋ,ਜ਼ਿਲ੍ਹਾ ਕਮੇਟੀ ਮੈਂਬਰ ਗਗਨਦੀਪ ਕੌਰ ਮੌਜੋ,ਖੁਸ਼ਹਾਲ ਸਿੰਘ ਬੁਰਜ ਢਿੱਲਵਾਂ,ਗੁਰਸੇਵਕ ਸਿੰਘ ਬਰੇਟਾ,ਰੂਪਦੀਪ ਕੌਰ ਅਤੇ ਏਕਮ ਹਾਜ਼ਰ ਸਨ।