ਮੋਹਾਲੀ, 9 ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਰਕਾਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿੱਚ ਅਧਿਕਾਰੀਆਂ/ਕਰਮਚਾਰੀਆਂ ਨੂੰ ਸਰਕਾਰੀ ਰਿਹਾਇਸ਼ ਮੁਹੱਈਆ ਕਰਵਾਉਣ ਲਈ ਗਮਾਡਾ ਤੋਂ 167 ਫਲੈਟ ਖਰੀਦੇ ਹਨ। ਜਾਣਕਾਰੀ ਅਨੁਸਾਰ, ਕੱਲ੍ਹ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੋਹਾਲੀ ਵਿੱਚ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦਾ ਦੌਰਾ ਕੀਤਾ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਰਿਹਾਇਸ਼ ਲਈ ਖਰੀਦੇ ਗਏ ਫਲੈਟਾਂ ਦਾ ਜਾਇਜ਼ਾ ਲਿਆ।
ਜਿਲ੍ਹਾ ਪ੍ਰਸ਼ਾਸਨ ਨੂੰ ਜਲਦ ਹੀ ਸੌਂਪੇ ਜਾਣ ਵਾਲੇ ਰਿਹਾਇਸ਼ਾਂ ਦਾ ਜਾਇਜ਼ਾ ਲੈਣ ਤੋਂ ਬਾਅਦ, ਉਨ੍ਹਾਂ ਨੇ ਵੇਰਵਾ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਤਕਰੀਬਨ 167 ਟਾਈਪ 3 ਅਤੇ ਟਾਈਪ 2 ਫਲੈਟ ਖਰੀਦੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਪ੍ਰਸ਼ਾਸਨਿਕ ਅਤੇ ਪੀਡਬਲਯੂਡੀ ਅਧਿਕਾਰੀਆਂ ਦੀ ਟੀਮ ਨਾਲ ਮਿਲ ਕੇ ਇਹਨਾਂ ਫਲੈਟਾਂ ਦੀ ਸਥਿਤੀ ਦੀ ਜਾਂਚ ਕਰਨ ਲਈ ਦੌਰਾ ਕੀਤਾ ਗਿਆ ਅਤੇ ਪੀਡਬਲਯੂਡੀ ਅਧਿਕਾਰੀਆਂ ਨੂੰ ਸਰਕਾਰੀ ਰਿਹਾਇਸ਼ਾਂ ਦੀ ਮੰਗ ਅਨੁਸਾਰ ਸਾਰੀਆਂ ਲੋੜਾਂ ਦੀ ਜਾਂਚ ਕਰਨ ਲਈ ਕਿਹਾ ਗਿਆ। ਪੀਡਬਲਯੂਡੀ ਦੀ ਟੀਮ ਵਿੱਚ ਸਿਵਲ ਅਤੇ ਇਲੈਕਟ੍ਰਿਕਲ ਵਿੰਗ ਦੇ ਅਧਿਕਾਰੀ ਦੇ ਨਾਲ-ਨਾਲ ਪਾਣੀ ਸਪਲਾਈ ਅਤੇ ਸੈਨੇਟੇਸ਼ਨ ਦੇ ਅਧਿਕਾਰੀ ਵੀ ਸ਼ਾਮਲ ਸਨ।