ਅੰਮ੍ਰਿਤਸਰ, 9 ਜਨਵਰੀ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਏਅਰਪੋਰਟ ’ਤੇ ਉਸ ਵੇਲੇ ਇੱਕ ਯਾਤਰੀ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਜਦੋਂ ਉਸ ਦੀ ਫਲਾਈਟ ਛੁੱਟ ਗਈ ਕਿਉਂਕਿ ਉਸਨੇ ਛੋਟੀ ਕ੍ਰਿਪਾਣ ਧਾਰਨ ਕੀਤੀ ਹੋਈ ਸੀ। ਯਾਤਰੀ ਨੇ ਅੰਮ੍ਰਿਤਸਰ ਏਅਰਪੋਰਟ ਪ੍ਰਬੰਧਨ ’ਤੇ ਸੁਰੱਖਿਆ ਦੇ ਨਾਂ ’ਤੇ ਉਸਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਅੰਮ੍ਰਿਤਧਾਰੀ ਸਿੱਖ ਯਾਤਰੀ ਨੇ ਸਪੇਨ ਜਾਣਾ ਸੀ। ਉਸਨੇ ਬਾਅਦ ਵਿੱਚ ਇੱਕ ਵੀਡੀਓ ਜਾਰੀ ਕਰਕੇ ਏਅਰਪੋਰਟ ਪ੍ਰਬੰਧਨ ’ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਹੰਗਾਮਾ ਵੀ ਕੀਤਾ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ।
ਸਿੱਖ ਯਾਤਰੀ ਨੇ ਦੱਸਿਆ ਕਿ ਉਸਨੇ ਆਪਣੇ ਗੁਰਾਂ ਦੇ ਰਸਤੇ ’ਤੇ ਚੱਲਦਿਆਂ ਸਿੱਖੀ ਦੇ ਪੰਜ ਕਕਾਰ ਧਾਰਨ ਕੀਤੇ ਹੋਏ ਹਨ। ਇਸ ਕਾਰਨ ਉਸਨੇ ਕ੍ਰਿਪਾਣ ਵੀ ਪਹਿਨੀ ਹੋਈ ਸੀ। ਜਦੋਂ ਉਹ ਏਅਰਪੋਰਟ ’ਤੇ ਆਪਣੀ ਫਲਾਈਟ ਲੈਣ ਲਈ ਜਾ ਰਿਹਾ ਸੀ, ਤਾਂ ਉਸਨੂੰ ਸੁਰੱਖਿਆ ਲਈ ਰੋਕ ਦਿੱਤਾ ਗਿਆ। ਉਸਨੇ ਪੰਜ ਕਕਾਰਾਂ ਵਿੱਚੋਂ ਹੱਥ ਵਿੱਚ ਕੜਾ ਅਤੇ ਛੋਟੀ ਕ੍ਰਿਪਾਣ ਧਾਰਨ ਕੀਤੀ ਹੋਈ ਸੀ। ਇਸ ਗੱਲ ਨੂੰ ਲੈਕੇ ਅਧਿਕਾਰੀਆਂ ਨੇ ਉਸਨੂੰ ਏਅਰਪੋਰਟ ’ਤੇ ਹੀ ਰੋਕ ਲਿਆ ਅਤੇ ਫਲਾਈਟ ’ਤੇ ਚੜ੍ਹਣ ਨਹੀਂ ਦਿੱਤਾ। ਯਾਤਰੀ ਦਾ ਕਹਿਣਾ ਹੈ ਕਿ ਕੋਵਿਡ ਦੌਰਾਨ ਉਹ ਦੁਬਈ ਅਤੇ ਫ੍ਰਾਂਸ ਵੀ ਯਾਤਰਾ ਕਰ ਚੁੱਕਾ ਹੈ, ਪਰ ਉਸ ਵੇਲੇ ਉੱਥੇ ਦੇ ਏਅਰਪੋਰਟ ਅਧਿਕਾਰੀਆਂ ਨੇ ਉਸਦੀ ਧਾਰਮਿਕ ਭਾਵਨਾਵਾਂ ਨੂੰ ਸਮਝਦਿਆਂ ਉਸਨੂੰ ਫਲਾਈਟ ਵਿੱਚ ਸਫਰ ਕਰਨ ਦਿੱਤਾ ਸੀ। ਪਰ ਆਪਣੇ ਹੀ ਦੇਸ਼ ਵਿੱਚ ਇਸ ਤਰ੍ਹਾਂ ਦਾ ਵਰਤਾਉ ਬਹੁਤ ਹੀ ਸ਼ਰਮਨਾਕ ਹੈ। ਯਾਤਰੀ ਨੇ ਇੱਥੇ ਦੇ ਸਿਸਟਮ ਨੂੰ ਕਾਫ਼ੀ ਕੋਸਿਆ ਹੈ।