ਲੁਧਿਆਣਾ, 8 ਜਨਵਰੀ,ਬੋਲੇ ਪੰਜਾਬ ਬਿਊਰੋ ;
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਖਿਲਾਫ਼ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਪਿੰਡ ਗੋਬਿੰਦਗੜ੍ਹ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਦੇ ਬਿਆਨ ’ਤੇ ਪਿੰਡ ਭੱਠਾ ਧੂਆ ਦੇ ਰਹਿਣ ਵਾਲੇ ਗੁਰਵਿੰਦਰਪਾਲ ਸਿੰਘ ਖਿਲਾਫ਼ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ’ਚ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕੈਨੇਡਾ ਜਾਣ ਦਾ ਚਾਹਵਾਨ ਸੀ। ਇਸ ਦੌਰਾਨ ਉਸ ਦਾ ਸੰਪਰਕ ਮਾਡਲ ਟਾਊਨ ਇਲਾਕੇ ’ਚ ਸੇਠੀ ਸਟੱਡੀ ਸਰਕਲ ਦੇ ਨਾਂ ਤੋਂ ਦਫਤਰ ਚਲਾਉਣ ਵਾਲੇ ਗੁਰਵਿੰਦਰਪਾਲ ਸਿੰਘ ਨਾਲ ਹੋਇਆ। ਮੁਲਜ਼ਮ ਗੁਰਵਿੰਦਰਪਾਲ ਸਿੰਘ ਨੇ ਉਸ ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਦੇਣ ਦਾ ਝਾਂਸਾ ਦੇ ਕੇ ਸਾਢੇ 7 ਲੱਖ ਰੁਪਏ ਵਸੂਲ ਲਏ ਤੇ ਉਸ ਦਾ ਵੀਜ਼ਾ ਨਹੀਂ ਲਗਵਾਇਆ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਮੁਲਜ਼ਮ ਦੇ ਦਫਤਰ ਕਈ ਚੱਕਰ ਲਾਏ ਪਰ ਹਰ ਵਾਰ ਉਸ ਨੂੰ ਲਾਰੇ ਲਾ ਕੇ ਵਾਪਸ ਮੋੜ ਦਿੱਤਾ ਗਿਆ। ਆਖਰ ਉਸ ਨੇ ਇਸ ਠੱਗੀ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਦਰਜ ਕਰਵਾ ਦਿੱਤੀ।