ਪਟਿਆਲਾ, 8 ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਟਿਆਲਾ ਵਿੱਚ ਇੱਕ ਟਨ ਚਾਈਨਾ ਡੋਰ ਬਰਾਮਦ ਕੀਤੀ ਹੈ। ਬੋਰਡ ਦੇ ਵਾਤਾਵਰਨ ਇੰਜੀਨੀਅਰ ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋ ਚਾਈਨਾ ਡੋਰ ਦੇ 330 ਗੁੱਟੇ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. (ਡਾ.) ਆਦਰਸ਼ ਪਾਲ ਵਿਗ ਨੇ ਦੱਸਿਆ ਕਿ ਬੋਰਡ ਨੂੰ ਸੂਚਨਾ ਮਿਲੀ ਸੀ ਕਿ ਕਈ ਦੁਕਾਨਾਂ ’ਤੇ ਚਾਈਨਾ ਡੋਰ ਰੱਖੀ ਅਤੇ ਵੇਚੀ ਜਾ ਰਹੀ ਹੈ। ਸੂਚਨਾ ਦੇ ਆਧਾਰ ’ਤੇ ਬੋਰਡ ਦੇ ਖੇਤਰੀ ਦਫਤਰ ਤੋਂ ਵਾਤਾਵਰਨ ਇੰਜੀ. ਗੁਰਕਰਨ ਸਿੰਘ, ਇੰਜੀ. ਨਵਤੇਸ਼ ਸਿੰਗਲਾ ਅਤੇ ਇੰਜ ਰੋਹਿਤ ਸਿੰਗਲਾ, ਇੰਜੀ. ਧਰਮਵੀਰ ਸਿੰਘ, ਸਹਾਇਕ ਵਾਤਾਵਰਨ ਇੰਜੀਨੀਅਰ ਅਤੇ ਵਿਨੋਦ ਸਿੰਗਲਾ ਜੂਨੀਅਰ ਵਾਤਾਵਰਨ ਇੰਜੀਨੀਅਰ ਨੇ ਅੱਚਾਰ ਬਜ਼ਾਰ, ਤ੍ਰਿਪੜੀ, ਆਨੰਦ ਨਗਰ ਆਦਿ ਇਲਾਕਿਆਂ ਵਿਚ ਦੁਕਾਨਾਂ ’ਤੇ ਚੈਕਿੰਗ ਕੀਤੀ ਗਈ। ਦੀਪ ਨਗਰ ਸਥਿਤ ਮੈਸਰਜ਼ ਸੋਨੂੰ ਪਤੰਗਾਂ ਨਾਮਕ ਦੁਕਾਨ ’ਚ ਚਾਈਨਾ ਡੋਰ ਵੇਚਦੀ ਪਾਈ ਗਈ ਅਤੇ ਸ਼ੁਰੂ ਵਿੱਚ 3 ਗੱਟੂ ਚਾਈਨਾ ਡੋਰ ਜ਼ਬਤ ਕੀਤੇ ਗਏ। ਦੀਪ ਨਗਰ ਵਿੱਚ ਰਹਿਣ ਵਾਲਾ 17 ਸਾਲ ਦਾ ਲੜਕਾ ਵੀ ਚਾਈਨਾ ਡੋਰ ਵੇਚਣ ਦਾ ਧੰਦਾ ਕਰਦਾ ਪਾਇਆ ਗਿਆ। ਵਾਤਾਵਰਨ ਇੰਜੀਨਅਰ ਦੀ ਟੀਮ ਨੇ ਉਸ ਲੜਕੇ ਦੇ ਘਰ ਦੀ ਚੈਕਿੰਗ ਕੀਤੀ ਅਤੇ 12 ਗੱਟੇ ਜ਼ਬਤ ਕੀਤੇ।