ਕੈਨਵਰਾ, 8 ਜਨਵਰੀ,ਬੋਲੇ ਪੰਜਾਬ ਬਿਊਰੌ:
ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ ਭਰਨ ਮੌਕੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ।ਇਸ ਵਿੱਚ ਸਵਾਰ ਸਵਿਸ ਅਤੇ ਡੈਨਿਸ਼ ਸੈਲਾਨੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦਸਿਆ ਕਿ ਰੋਟਨੇਸਟ ਟਾਪੂ ’ਤੇ ਮੰਗਲਵਾਰ ਦੁਪਹਿਰ ਨੂੰ ਹੋਏ ਹਾਦਸੇ ਵਿਚ ਜਹਾਜ਼ ਸਵਾਰ ਸੱਤ ਵਿਅਕਤੀਆਂ ਵਿਚੋਂ ਸਿਰਫ਼ ਇਕ ਨੂੰ ਸੱਟ ਨਹੀਂ ਲੱਗੀ। ਸਵਾਨ ਰਿਵਰ ਸੀਪਲੇਨ ਦੀ ਮਲਕੀਅਤ ਵਾਲਾ ਜਹਾਜ਼ ਰੋਟਨੇਸਟ ਟਾਪੂ ਤੋਂ 30 ਕਿਲੋਮੀਟਰ ਪੂਰਬ ਵਿਚ ਪਛਮੀ ਆਸਟਰੇਲੀਆ ਰਾਜ ਦੀ ਰਾਜਧਾਨੀ ਪਰਥ ਵਿਚ ਅਪਣੇ ਬੇਸ ’ਤੇ ਵਾਪਸ ਆ ਰਿਹਾ ਸੀ।
ਪਛਮੀ ਆਸਟਰੇਲੀਅਨ ਪ੍ਰੀਮੀਅਰ ਰੋਜਰ ਕੁੱਕ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਇਕ 65 ਸਾਲਾ ਸਵਿਸ ਔਰਤ, ਡੈਨਮਾਰਕ ਦਾ ਇਕ 60 ਸਾਲਾ ਵਿਅਕਤੀ ਅਤੇ ਪਰਥ ਦਾ 34 ਸਾਲਾ ਪੁਰਸ਼ ਪਾਇਲਟ ਸੀ। ਕੁੱਕ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।