ਰਾਮਪੁਰਾ ਫੂਲ, 7 ਜਨਵਰੀ,ਬੋਲੇ ਪੰਜਾਬ ਬਿਊਰੋ :
ਰਾਮਪੁਰਾ ਫੂਲ ਨੇੜੇ ਪਿੰਡ ਬਦਿਆਲਾ ਦੇ ਖੇਤਾਂ ਵਿਚ ਬਣਾਏ ਘਰ ਵਿਚ ਰਹਿੰਦੇ ਬਜ਼ੁਰਗ ਪਤੀ-ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।
ਮਿਲੀ ਜਾਣਕਾਰੀ ਜਾਣਕਾਰੀ ਅਨੁਸਾਰ ਮ੍ਰਿਤਕ ਜੋੜਾ ਪਿੰਡ ਬਦਿਆਲਾ ਤੋਂ ਚਾਉਕੇ ਸੜਕ ਦੇ ਖੇਤਾਂ ਵਿਚ ਰਹਿੰਦਾ ਸੀ। ਮ੍ਰਿਤਕਾਂ ਦੀ ਪਛਾਣ ਗਿਆਸ ਸਿੰਘ ਉਮਰ 66 ਸਾਲ ਪੁੱਤਰ ਕਰਨੈਲ ਸਿੰਘ ਅਮਰਜੀਤ ਕੌਰ ਪਤਨੀ ਗਿਆਸ ਉਮਰ 62 ਸਾਲ ਵੱਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਨਰਿੰਦਰ ਸਿੰਘ ਨੇ ਦਸਿਆ ਕਿ ਇਸ ਘਟਨਾ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਪਤੀ-ਪਤਨੀ ਦੇ ਪੁੱਤਰ ਨੇ ਨਵੀਂ ਦਿੱਲੀ ਤੋਂ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਫਿਰ ਉਸ ਵਲੋਂ ਪਿੰਡ ਵਿਚ ਫੋਨ ਕੀਤਾ ਗਿਆ ਪਿੰਡ ਵਾਲਿਆਂ ਵਲੋਂ ਜਦੋਂ ਗਿਆਸ ਸਿੰਘ ਦੇ ਘਰ ਆ ਕੇ ਵੇਖਿਆ ਤਾਂ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਹੋਇਆ ਪਿਆ ਸੀ। ਉਨ੍ਹਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮੌਕੇ ‘ਤੇ ਪਹੁੰਚੀਆਂ ਥਾਣਾ ਰਾਮਪੁਰਾ ਅਤੇ ਸੀ.ਆਈ.ਏ. ਸਟਾਫ ਦੀਆਂ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਦੋਵੇਂ ਬਜ਼ੁਰਗ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।