ਬੀਜਾਪੁਰ, 6 ਜਨਵਰੀ, ਬੋਲੇ ਪੰਜਾਬ ਬਿਊਰੋ :
ਬੀਜਾਪੁਰ ਦੇ ਕੁਟਰੂ ਮਾਰਗ ਵਿੱਚ ਨਕਸਲੀਆਂ ਨੇ ਜਵਾਨਾਂ ਦੇ ਵਾਹਨ ’ਤੇ ਆਈ.ਈ.ਡੀ. ਬਲਾਸਟ ਕੀਤਾ ਹੈ। ਹਾਦਸੇ ਵਿੱਚ ਨੌਂ ਜਵਾਨ ਸ਼ਹੀਦ ਹੋ ਗਏ ਹਨ। ਇਸੇ ਦੌਰਾਨ ਕਈ ਜਵਾਨ ਜ਼ਖ਼ਮੀ ਹੋਣ ਦੀ ਸੂਚਨਾ ਹੈ। ਵਾਹਨ ਵਿੱਚ ਕੁੱਲ ਕਿੰਨੇ ਜਵਾਨ ਸਵਾਰ ਸਨ, ਇਸ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਨਕਸਲ ਓਪਰੇਸ਼ਨ ਤੋਂ ਵਾਪਸ ਲੋਟ ਰਹੇ ਸਨ, ਇਸ ਦੌਰਾਨ ਕੁਟਰੂ ਮਾਰਗ ’ਤੇ ਨਕਸਲੀਆਂ ਨੇ ਘਾਤ ਲਗਾ ਕੇ ਆਈ.ਈ.ਡੀ. ਬਲਾਸਟ ਕੀਤਾ। ਛੱਤੀਸਗੜ੍ਹ ਵਿੱਚ ਲਗਾਤਾਰ ਨਕਸਲ ਓਪਰੇਸ਼ਨ ਦੇ ਕਾਰਨ ਨਕਸਲੀ ਘਬਰਾਏ ਹੋਏ ਹਨ, ਜਿਸ ਕਾਰਨ ਉਨ੍ਹਾਂ ਨੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ।
ਬਸਤਰ ਆਈ.ਜੀ.ਪੀ. ਸੁੰਦਰਰਾਜ ਪੀ. ਨੇ ਨੌਂ ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਹਮਲੇ ਵਿੱਚ ਜ਼ਖ਼ਮੀ ਜਵਾਨਾਂ ਨੂੰ ਘਟਨਾ ਸਥਾਨ ਤੋਂ ਕੱਢਿਆ ਜਾ ਰਿਹਾ ਹੈ। ਘਟਨਾ ਸਥਾਨ ’ਤੇ ਰੈਸਕਿਊ ਜਾਰੀ ਹੈ। ਪਿਕਅਪ ਵਿੱਚ ਡੀ.ਆਰ.ਜੀ. ਦੇ ਕਈ ਜਵਾਨ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਲਗਭਗ ਤਿੰਨ ਕਿਲੋ ਦਾ ਆਈ.ਈ.ਡੀ. ਵਿਸਫੋਟਕ ਸੀ, ਜਿਸ ਨਾਲ ਵਾਹਨ ਦੇ ਪਰਖੱਚੇ ਉੱਡ ਗਏ।