ਹਾਜੀਪੁਰ, 6 ਜਨਵਰੀ,ਬੋਲੇ ਪੰਜਾਬ ਬਿਊਰੋ :
ਆਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਆਏ ਦਿਨ ਆਵਾਰਾ ਕੁੱਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸੇ ਦੌਰਾਨ ਹਾਜੀਪੁਰ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 6 ਸਾਲ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਕੇ ਗੰਭੀਰ ਜਖਮੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਹਾਜੀਪੁਰ ਪੁਲਿਸ ਥਾਣੇ ਦੀ ਹੱਦ ਵਿੱਚ ਪੈਂਦੇ ਪਿੰਡ ਰੰਸੋਤਾ ਵਿੱਚ ਇਕ ਪੋਲਟਰੀ ਫਾਰਮ ’ਤੇ ਕੰਮ ਕਰਨ ਵਾਲੇ ਪਰਵਾਸੀ ਪਰਿਵਾਰ ਦੇ 6 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ, ਪਰਵਾਸੀ ਰਾਮਨਾਥ ਆਪਣੇ ਪਰਿਵਾਰ ਦੇ ਨਾਲ ਮਸੰਦਰ ਕੁਮਾਰ ਦੇ ਪੋਲਟਰੀ ਫਾਰਮ ’ਤੇ ਰਹਿੰਦੇ ਹਨ। ਰਾਮਨਾਥ ਦਾ ਬੇਟਾ ਚੰਦਨ ਕੁਮਾਰ ਫਾਰਮ ਦੇ ਕੋਲ ਖੇਡ ਰਿਹਾ ਸੀ।ਇਸ ਦੌਰਾਨ ਅਚਾਨਕ ਆਵਾਰਾ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ।
ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਕੋਲ ਹੀ ਕੰਮ ਕਰ ਰਹੇ ਇੱਕ ਵਿਅਕਤੀ ਨੇ ਕੁੱਤਿਆਂ ਤੋਂ ਉਸਨੂੰ ਬਚਾਇਆ। ਗੰਭੀਰ ਤਰ੍ਹਾਂ ਜਖਮੀ ਚੰਦਨ ਕੁਮਾਰ ਨੂੰ ਤੁਰੰਤ ਦਸੂਹਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।ਇਸ ਘਟਨਾ ਤੋਂ ਬਾਅਦ, ਪਿੰਡ ਦੇ ਸਰਪੰਚ ਦਿਲਾਵਰ ਸਿੰਘ ਨੇ ਸਰਕਾਰ ਨੂੰ ਇਸ ਗਰੀਬ ਪਰਵਾਸੀ ਪਰਿਵਾਰ ਦੇ ਬੱਚੇ ਦੇ ਇਲਾਜ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।