ਮੁਦਕੀ, 5 ਜਨਵਰੀ,ਬੋਲੇ ਪੰਜਾਬ ਬਿਊਰੋ :
ਸਥਾਨਕ ਫਰੀਦਕੋਟ ਰੋਡ ’ਤੇ ਸਥਿਤ ਪੈਟ੍ਰੋਲ ਪੰਪ “ਜੈ ਮਾਂ ਫੀਲਿੰਗ ਸਟੇਸ਼ਨ” ’ਤੇ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ 40 ਹਜ਼ਾਰ ਰੁਪਏ ਦੀ ਨਕਦੀ ਲੁੱਟ ਲੈਣ ਦੀ ਘਟਨਾ ਵਾਪਰੀ ਹੈ।
ਪੰਪ ਦੇ ਮਾਲਿਕ ਕੁਲਵੰਤ ਰਾਏ ਕਟਾਰੀਆ ਨੇ ਦੱਸਿਆ ਕਿ ਪੰਪ ਦੇ ਮੁਲਾਜ਼ਮ ਸੇਲਜ਼ ਰੂਮ ਵਿੱਚ ਸੁੱਤੇ ਹੋਏ ਸਨ ਕਿ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਲੁਟੇਰੇ ਸ਼ੀਸ਼ੇ ਆਦਿ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਉੱਥੇ ਪਈ 40 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ।
ਕਟਾਰੀਆ ਨੇ ਦੱਸਿਆ ਕਿ ਪੰਪ ਦੇ ਮੁਲਾਜ਼ਮਾਂ ਨੇ ਇਕ ਹੋਰ ਕਮਰੇ ਵਿੱਚ ਦਾਖਲ ਹੋ ਕੇ ਆਪਣੀ ਜਾਨ ਬਚਾਈ।ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਚੌਕੀ ਮੁਦਕੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।