ਇਸਲਾਮਾਬਾਦ, 5 ਜਨਵਰੀ,ਬੋਲੇ ਪੰਜਾਬ ਬਿਊਰੋ :
ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਦੇ ਲੜਾਕਿਆਂ ਨੇ ਪਾਕਿਸਤਾਨ ਦੇ ਪੱਛਮੀ ਸੂਬੇ ਬਲੋਚਿਸਤਾਨ ਦੇ ਤੁਰਬਤ ਸ਼ਹਿਰ ‘ਚ ਇਕ ਬੱਸ ‘ਚ ਧਮਾਕਾ ਕਰ ਦਿੱਤਾ। ਇਸ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 32 ਹੋਰ ਜ਼ਖਮੀ ਹਨ। ਇਨ੍ਹਾਂ ਜ਼ਖ਼ਮੀਆਂ ਵਿੱਚੋਂ 5 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਮਲੇ ਵਿੱਚ ਐਸਐਸਪੀ ਰੈਂਕ ਦਾ ਇੱਕ ਸੀਨੀਅਰ ਪੁਲੀਸ ਅਧਿਕਾਰੀ ਅਤੇ ਉਸ ਦਾ ਪਰਿਵਾਰ ਵੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਬਾਗੀਆਂ ਨੇ ਐਸਐਸਪੀ ਨੂੰ ਨਿਸ਼ਾਨਾ ਬਣਾਉਣ ਦੀ ਨੀਅਤ ਨਾਲ ਬੱਸ ’ਤੇ ਹਮਲਾ ਕੀਤਾ ਸੀ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਹਮਲੇ ਤੋਂ ਬਾਅਦ ਬੀਐਲਏ ਦੇ ਬੁਲਾਰੇ ਨੇ ਇੱਕ ਵੀਡੀਓ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਇੱਥੇ ਬੰਬ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ।