ਮਾਛੀਵਾੜਾ ਸਾਹਿਬ, 5 ਜਨਵਰੀ, ਬੋਲੇ ਪੰਜਾਬ ਬਿਊਰੋ
ਨਾਮਵਰ ਪਹਿਲਵਾਨ ਦਲਜੀਤ ਸਿੰਘ (ਉਮਰ 45 ਸਾਲ) ਦੀ ਅੱਜ ਸਵੇਰੇ ਅਚਾਨਕ ਮੌਤ ਹੋ ਗਈ।ਪਿੰਡ ਹਿਯਾਤਪੁਰ ਦੇ ਵਸਨੀਕ ਅਤੇ ਦੋ ਬੱਚਿਆਂ ਦੇ ਪਿਤਾ ਦਲਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਸਰਤ ਕਰ ਰਹੇ ਸਨ। ਪਰ ਜਦੋਂ ਉਹ ਠੰਢੇ ਪਾਣੀ ਨਾਲ ਨਹਾਏ, ਤਾਂ ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ। ਫੌਰੀ ਤੌਰ ’ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਦਲਜੀਤ ਦੇ ਕਰੀਬੀ ਦੋਸਤ ਤੇ ਸਾਬਕਾ ਕੌਂਸਲਰ ਸ਼ੰਮੀ ਕੁਮਾਰ ਨੇ ਦੱਸਿਆ ਕਿ ਦਲਜੀਤ ਸਿੰਘ ਬਿਲਕੁਲ ਤੰਦਰੁਸਤ ਸਨ ਅਤੇ ਉਨ੍ਹਾਂ ਨੂੰ ਕੋਈ ਵੀ ਸਿਹਤ ਸੰਬੰਧੀ ਸਮੱਸਿਆ ਨਹੀਂ ਸੀ।ਦਲਜੀਤ ਸਿੰਘ ਦੀ ਮੌਤ ਨਾਲ ਪੂਰੇ ਖੇਡ ਜਗਤ ‘ਚ ਸੋਗ ਦੀ ਲਹਿਰ ਹੈ।