ਹਿਸਾਰ, 4 ਜਨਵਰੀ,ਬੋਲੇ ਪੰਜਾਬ ਬਿਊਰੋ :
ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਉਕਲਾਨਾ ਦੇ ਸੂਰੇਵਾਲਾ ਚੌਕ ਦੇ ਨੇੜੇ ਧੁੰਦ ਕਾਰਨ ਇੱਕ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਕਾਰ ਦੇ ਪਿੱਛੇ ਆ ਰਹੀ ਹੋਰ ਗੱਡੀ ਵੀ ਉਸ ਨਾਲ ਟਕਰਾ ਗਈ। ਜਦੋਂ ਕੁਝ ਲੋਕ ਰਾਹਤ ਬਚਾਅ ਲਈ ਮੌਕੇ ’ਤੇ ਪਹੁੰਚੇ, ਤਾਂ ਪਿੱਛੇ ਆਉਣ ਵਾਲੇ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ। ਇਸ ਦੇ ਬਾਅਦ ਟਰੱਕ ਵੀ ਪਲਟ ਗਿਆ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ ਅਤੇ ਕੁਝ ਲੋਕ ਜ਼ਖਮੀ ਹੋਏ ਹਨ।
ਜਾਣਕਾਰੀ ਅਨੁਸਾਰ ਅੱਜ ਸ਼ਨੀਵਾਰ ਸਵੇਰੇ ਲਗਭਗ 8 ਵਜੇ ਉਕਲਾਨਾ ਦੇ ਸੂਰੇਵਾਲਾ ਚੌਕ ਤੋਂ ਇੱਕ ਕਾਰ ਚੰਡੀਗੜ੍ਹ ਵੱਲ ਜਾ ਰਹੀ ਸੀ।ਸੰਘਣੀ ਧੁੰਦ ਕਾਰਨ ਕਾਰ ਡਰਾਈਵਰ ਨੇ ਕਾਬੂ ਗੁਆ ਲਿਆ ਅਤੇ ਕਾਰ ਡਿਵਾਈਡਰ ਨਾਲ ਟਕਰਾਅ ਗਈ, ਜਿਸ ਤੋਂ ਬਾਅਦ ਉਹ ਪਲਟ ਗਈ। ਇਸ ਕਾਰ ਦੇ ਪਿੱਛੇ ਆ ਰਹੀ ਦੂਜੀ ਗੱਡੀ ਦਾ ਡਰਾਈਵਰ ਵੀ ਸਮੇਂ ’ਤੇ ਬ੍ਰੇਕ ਨਹੀਂ ਲਗਾ ਸਕਿਆ। ਉਸ ਦੀ ਗੱਡੀ ਵੀ ਹਾਦਸਾਗ੍ਰਸਤ ਕਾਰ ਨਾਲ ਟਕਰਾ ਗਈ।
ਕਾਰਾਂ ਵਿੱਚ ਫਸੇ ਜ਼ਖਮੀ ਲੋਕਾਂ ਨੂੰ ਬਚਾਉਣ ਲਈ ਨੇੜਲੇ ਇਲਾਕੇ ਦੇ ਲੋਕ ਮੌਕੇ ’ਤੇ ਪਹੁੰਚੇ। ਜਦ ਲੋਕ ਗੱਡੀ ਦੇ ਡਰਾਈਵਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਚੰਡੀਗੜ੍ਹ ਵੱਲੋਂ ਆ ਰਹੀ ਇੱਕ ਹੋਰ ਗੱਡੀ ਨੇ ਰਾਹਤ ਬਚਾਅ ਲਈ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੂੰ ਕੁਚਲ ਦਿੱਤਾ। ਇਸ ਦੇ ਬਾਅਦ ਟਰੱਕ ਪਲਟ ਗਿਆ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲਾਂਕਿ ਮਰਨ ਵਾਲਿਆਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਕ੍ਰੇਨ ਦੀ ਮਦਦ ਨਾਲ ਟਰੱਕ ਨੂੰ ਹਟਾਇਆ ਗਿਆ ਅਤੇ ਵਾਹਨਾਂ ਨੂੰ ਆਵਾਜਾਈ ਨੂੰ ਦੂਜੇ ਰਸਤੇ ਮੋੜਿਆ ਗਿਆ।