ਪਟਿਆਲਾ,4, ਜਨਵਰੀ ,
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਤੋਂ ਦਰਜਾ ਤਿੰਨ ਦੀਆਂ ਖਾਲੀ ਪੋਸਟਾਂ ਤੇ ਮਾਰਚ 2021 ਦੇ ਰੂਲਾਂ ਤਹਿਤ ਅਨਕੁਆਲੀਫਾਈਡ ਦਰਜਾ ਚਾਰ ਮੁਲਾਜ਼ਮਾਂ ਤੋਂ ਥਾਪਰ ਕਾਲਜ ਪਟਿਆਲਾ ਵਿਖੇ ਪੇਪਰ ਲਿਆ ਜਾ ਰਿਹਾ ਸੀ। ਪੇਪਰ ਹੋਣ ਉਪਰੰਤ ਸਮੁੱਚੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਉਂੱਚ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪੇਪਰ ਦੇਣ ਆਏ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਪੇਪਰ ਸਿਲੇਬਸ ਤੋਂ ਬਾਹਰ ਪਾਇਆ ਗਿਆ ਸੀ ਜਿਸ ਕਾਰਨ ਸਮੁੱਚੇ ਮੁਲਾਜ਼ਮ ਪੇਪਰ ਹੱਲ ਕਰਨ ਤੋਂ ਅਸਮਰਥ ਸਨ, ਸੈਂਕੜੇ ਮੁਲਾਜ਼ਮ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਚੋਂ ਕੜਾਕੇ ਦੀ ਠੰਡ ਦੇ ਬਾਵਜੂਦ ਪੇਪਰ ਦੇਣ ਲਈ ਆਏ ਸਨ। ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਅਧਾਰਤ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਮਨਜੀਤ ਸਿੰਘ ਸੰਗਤਪੁਰਾ, ਮਹਿਮਾ ਸਿੰਘ ਧਨੌਲਾ, ਕੋ ਕਨਵੀਨਰ ਮਲਾਗਰ ਸਿੰਘ ਖਮਾਣੋ, ਬਿੱਕਰ ਸਿੰਘ ਮਾਖਾ ਨੇ ਦੱਸਿਆ ਕਿ ਸਮੁੱਚੇ ਦਰਜਾ ਚਾਰ ਮੁਲਾਜ਼ਮਾਂ ਦਾ 30-30 ਸਾਲਾਂ ਤੋਂ ਤਜਰਬਾ ਹੈ, ਜਦੋਂ ਕਿ ਕਿਰਤ ਕਾਨੂੰਨਾਂ ਅਨੁਸਾਰ ਤਜਰਬੇ ਦੇ ਆਧਾਰ ਤੇ ਮੁਲਾਜ਼ਮਾਂ ਨੂੰ ਅਨਸਿਲਡ ਤੋਂ ਸਕਿਲਡ ਕੀਤਾ ਜਾ ਸਕਦਾ ਹੈ। ਇਥੋਂ ਤੱਕ ਕਮੇਟੀ ਵੱਲੋਂ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਵਿਭਾਗ ਦੇ ਸਕੱਤਰ ,ਵਧੀਕ ਸਕੱਤਰ ਸਮੇਤ ਕੈਬਨਿਟ ਮੰਤਰੀ ਤੇ ਧਿਆਨ ਚ ਲਿਆਂਦਾ ਗਿਆ ਸੀ, ਕਿ ਵਿਭਾਗ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਘੱਟ ਪੜੇ ਲਿਖੇ ਹਨ ,ਪ੍ਰੰਤੂ ਉਹਨਾਂ ਕੋਲ ਤਜਰਬਾ ਬਹੁਤ ਵੱਡਾ ਹੈ ਇਸ ਲਈ ਪੇਪਰ ਲੈਣਾ ਬੰਦ ਕਰਕੇ 2021 ਤੋਂ ਪਹਿਲਾਂ ਵਾਲੇ ਰੂਲਾਂ ਅਨੁਸਾਰ ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਵੇ। ਇਹਨਾਂ ਦੱਸਿਆ ਕਿ ਭਾਵੇਂ ਪ੍ਰਮੋਸ਼ਨ ਲਈ ਸਿਰਫ ਇੱਕ ਇੰਕਰੀਮੈਂਟ ਦੇਣੀ ਹੈ ।ਜਿਸ ਕਾਰਨ ਮੁਲਾਜ਼ਮਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ ।ਇਹਨਾਂ ਆਗੂਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਮੇਤ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਰਜਾ ਚਾਰ ਮੁਲਾਜ਼ਮਾਂ ਨੂੰ ਤਜਰਬੇ ਦੇ ਅਧਾਰ ਤੇ ਪ੍ਰਮੋਟ ਕੀਤਾ ਜਾਵੇ ਅਤੇ 2021 ਦੇ ਬਣਾਏ ਹੋਏ ਨਿਯਮ ਨੂੰ ਤੁਰੰਤ ਰੱਦ ਕੀਤਾ ਜਾਵੇ। ਇਹਨਾਂ ਆਗੂਆਂ ਨੇ ਦੱਸਿਆ ਕਿ ਛੇਤੀ ਹੀ ਤਾਲਮੇਲ ਸੰਘਰਸ਼ ਕਮੇਟੀ ਦਾ ਹੋਰ ਵਿਸਥਾਰ ਕਰਕੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਤੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।