ਚੰਡੀਗੜ੍ਹ, 3 ਜਨਵਰੀ ,ਬੋਲੇ ਪੰਜਾਬ ਬਿਊਰੋ :
ਅੱਜ ਕਿਸਾਨ ਜੱਥੇਬੰਦੀਆਂ ਅਤੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕਰ ਦਿੱਤਾ ਗਿਆ।ਜਿਸ ਕਾਰਨ ਖੰਨਾ ਤੋਂ ਜੰਮੂ ਅਤੇ ਰੋਪੜ ਤੋਂ ਲੁਧਿਆਣਾ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ।
ਦੱਸ ਦਈਏ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਰੋਪੜ ਤੋਂ ਲੈ ਕੇ ਨੀਲੋਂ ਤੱਕ ਵਗਦੀ ਸਰਹਿੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ‘ਚ ਮਾਛੀਵਾੜਾ ਸਾਹਿਬ ਦੇ ਗੜ੍ਹੀ ਪੁਲ ’ਤੇ ਧਰਨਾ ਲਗਾਇਆ ਗਿਆ ਜਿਸ ਤੋਂ ਬਾਅਦ ਭਾਰੀ ਗਿਣਤੀ ’ਚ ਲੋਕ ਵੀ ਸਮਰਥਨ ਦੇਣ ਪੁੱਜੇ। ਲੋਕਾਂ ਦਾ ਕਹਿਣਾ ਹੈ ਕਿ ਸਰਹਿੰਦ ਨਹਿਰ ਪੱਕੀ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਹੋ ਜਾਵੇਗਾ, ਜਿਸ ਨਾਲ ਸਾਡੀਆਂ ਫ਼ਸਲਾਂ ਪ੍ਰਭਾਵਿਤ ਹੋਣਗੀਆਂ।
ਇਸ ਦੇ ਨਾਲ ਹੀ ਪ੍ਰਸਾਸ਼ਨਿਕ ਅਧਿਕਾਰੀਆਂ ਵਲੋਂ ਜੋ ਮਸ਼ੀਨਾਂ ਨਹਿਰ ਨੂੰ ਚੌੜਾ ਕਰਨ ਦਾ ਕੰਮ ਕਰ ਰਹੀਆਂ ਸਨ, ਉਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ। ਮੌਕੇ ਤੇ ਪੁੱਜੇ ਉੱਚ ਅਧਿਕਾਰੀਆ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਸ਼ਾਮ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ। ਕਿਸਾਨਾਂ ਵਲੋਂ ਫਿਲਹਾਲ ਸੜਕ ਦਾ ਜਾਮ ਖੋਲ੍ਹ ਦਿੱਤਾ ਗਿਆ ਹੈ ਅਤੇ ਗੜ੍ਹੀ ਪੁਲ ਸੜਕ ਕਿਨਾਰੇ ਰੋਸ ਪ੍ਰਦਰਸ਼ਨ ਜਾਰੀ ਹੈ।