ਕੈਲੀਫੋਰਨੀਆ 3 ਜਨਵਰੀ ,ਬੋਲੇ ਪੰਜਾਬ ਬਿਊਰੋ:
ਅਮਰੀਕਾ ਦੇ ਕੈਲੀਫੋਰਨੀਆ ‘ਚ ਵੀਰਵਾਰ (ਭਾਰਤੀ ਸਮੇਂ ਮੁਤਾਬਕ ਦੇਰ ਰਾਤ) ਇਕ ਛੋਟਾ ਜਹਾਜ਼ ਇਕ ਇਮਾਰਤ ਦੀ ਛੱਤ ਨਾਲ ਟਕਰਾ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਲੋਕ ਜ਼ਖਮੀ ਵੀ ਹੋਏ ਹਨ। ਪੁਲਸ ਮੁਤਾਬਕ 10 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦਕਿ 8 ਦਾ ਮੌਕੇ ‘ਤੇ ਹੀ ਇਲਾਜ ਕੀਤਾ ਗਿਆ ਹੈ।ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮ੍ਰਿਤਕ ਜਹਾਜ਼ ‘ਚ ਸਨ ਜਾਂ ਜ਼ਮੀਨ ‘ਤੇ। ਇਸ ਜਹਾਜ਼ ਨੇ ਔਰੇਂਜ ਕਾਉਂਟੀ ਦੇ ਫੁਲਰਟਨ ਮਿਊਂਸੀਪਲ ਏਅਰਪੋਰਟ ਤੋਂ ਉਡਾਣ ਭਰੀ ਸੀ। ਇਹ ਉਡਾਣ ਭਰਨ ਦੇ 2 ਮਿੰਟ ਦੇ ਅੰਦਰ ਹੀ ਕਰੈਸ਼ ਹੋ ਗਿਆ।
ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਇਮਾਰਤ ‘ਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਆਸਪਾਸ ਦੇ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਜਿਸ ਇਮਾਰਤ ਵਿਚ ਜਹਾਜ਼ ਟਕਰਾਇਆ ਸੀ, ਉਸ ਇਮਾਰਤ ਦੀ ਵਰਤੋਂ ਫਰਨੀਚਰ ਬਣਾਉਣ ਲਈ ਕੀਤੀ ਜਾਂਦੀ ਸੀ। ਹਾਦਸੇ ਦੇ ਸਮੇਂ ਇਮਾਰਤ ਵਿੱਚ ਕਰੀਬ 200 ਲੋਕ ਕੰਮ ਕਰ ਰਹੇ ਸਨ।