ਬੁਡੋ ਕਾਈ ਡੂ ਮਿਕਸਡ ਮਾਰਸ਼ਲ ਆਰਟਸ ਫੈਡਰੇਸ਼ਨ ਆਫ ਇੰਡੀਆ ਨੇ 6ਵੀ ਨੈਸ਼ਨਲ ਸਿੱਖ ਖੇਡਾਂ 2024 ਦੇ ਜੇਤੂਆਂ ਦਾ ਸਨਮਾਨ ਕੀਤਾ
ਚੰਡੀਗੜ੍ਹ, 2 ਜਨਵਰੀ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਬੁਡੋ ਕਾਈ ਡੂ ਮਿਕਸਡ ਮਾਰਸ਼ਲ ਆਰਟ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਖਿਡਾਰੀਆਂ ਲਈ ਵਰਕਸ਼ਾਪ ਅਤੇ ਛੇਵੀਂ ਨੈਸ਼ਨਲ ਸਿੱਖ ਖੇਡਾਂ 2024 ਦੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਚੰਡੀਗੜ੍ਹ ਪ੍ਰੈੱਸ ਕਲੱਬ, ਸੈਕਟਰ 27, ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਬੁਡੋ ਕਾਈ ਡੂ ਮਿਕਸਡ ਮਾਰਸ਼ਲ ਆਰਟ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਖਿਡਾਰੀਆਂ ਲਈ ਇਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮਾਰਸ਼ਲ ਆਰਟ ਦੇ ਸ਼ੌਕੀਨ ਖਿਡਾਰੀਆਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਸ਼ਵ ਪ੍ਰਸਿੱਧ ਮਾਰਸ਼ਲ ਆਰਟਿਸਟ ਸੋਕੇ ਜੋਆਚਿਮ ਪੀਟਰਸ, ਬਲੈਕ ਬੈਲਟ 10ਵੇਂ ਡੈਨ, ਜੋ ਡਬਲਯੂ. ਬੀ. ਕੇ. ਐਫ ਜਰਮਨੀ ਦੇ ਪ੍ਰਧਾਨ ਅਤੇ ਸਾਬਕਾ ਕਰਨਲ ਹਨ, ਨੇ ਖਿਡਾਰੀਆਂ ਨਾਲ ਵਰਕਸ਼ਾਪ ਤੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ। ਇਹ ਸਪੈਸ਼ਲ ਟ੍ਰੇਨਿੰਗ 27 ਦਸੰਬਰ ਤੋਂ 2 ਜਨਵਰੀ 2024 ਤੱਕ ਚਲੀ, ਜਿਸ ਵਿੱਚ ਫੈਡਰੇਸ਼ਨ ਦੇ ਖਿਡਾਰੀਆਂ ਨੇ ਸੋਕੇ ਜੋਆਚਿਮ ਪੀਟਰਸ ਦੀ ਅਗਵਾਈ ਵਿੱਚ ਆਪਣੀਆਂ ਤਕਨੀਕਾਂ ਨੂੰ ਨਿਖਾਰਿਆ ਅਤੇ ਉਨ੍ਹਾਂ ਦੇ ਤਜ਼ਰਬੇ ਤੇ ਮੁਹਾਰਤ ਤੋਂ ਬਹੁਤ ਪ੍ਰੇਰਿਤ ਹੋਏ। ਇਸ ਮੌਕੇ ਵਿਸ਼ਵ ਪ੍ਰਸਿੱਧ ਮਾਰਸ਼ਲ ਆਰਟਿਸਟ ਸੋਕੇ ਜੋਆਚਿਮ ਪੀਟਰਸ ਨੇ ਕਿਹਾ ਕਿ ਮਾਰਸ਼ਲ ਆਰਟਸ ਦੇ ਸ਼ੌਕੀਨ ਬੱਚਿਆਂ ਲਈ ਅਜਿਹੇ ਟ੍ਰੇਨਿੰਗ ਕੈਂਪ ਲਗਦੇ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੁਡੋ ਕਾਈ ਡੂ ਮਿਕਸਡ ਮਾਰਸ਼ਲ ਆਰਟ ਫੈਡਰੇਸ਼ਨ ਆਫ ਇੰਡੀਆ ਦੇ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਕੇ ਵਧੀਆ ਲੱਗਿਆ। ਅਜਿਹੀ ਟ੍ਰੇਨਿੰਗ ਵਰਕਸ਼ਾਪ ਲਈ ਉਨ੍ਹਾਂ ਦੁਬਾਰਾ ਇੱਥੇ ਆਉਣ ਦੀ ਇੱਛਾ ਜਤਾਈ।
ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ 6 ਵੀਆਂ ਨੈਸ਼ਨਲ ਸਿੱਖ ਖੇਡਾਂ 2024 ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਖੇਡਾਂ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਹਨ।
ਇਸ ਮੌਕੇ ਤਗਮਾ ਜੇਤੂ ਏਕਮਵੀਰ ਸਿੰਘ, ਕੁਸ਼ ਅਗਨੀਹੋਤਰੀ, ਹਰਨੇਕ ਸਿੰਘ, ਕਾਰਤਿਕ ਮਲਿਕ, ਜੀਤ ਸਿੰਘ, ਗਰਵਿਤਾ ਕੌਸ਼ਲ ਅਤੇ ਨੇਹਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਸ਼ ਅਗਨੀਹੋਤਰੀ ਨੂੰ ਉਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ 2,00,000 ਰੁਪਏ ਦਾ ਚੈੱਕ ਵੀ ਦਿੱਤਾ ਗਿਆ। ਇਸ ਮੌਕੇ ਕੋਚ ਰਵਿੰਦਰ ਪਾਲ ਸ਼ਰਮਾ, ਹਰਪ੍ਰੀਤ ਕੌਰ, ਮਨੀਸ਼ ਸ਼ਰਮਾ, ਮਦਨ ਲਾਲ, ਮੋਹਨ ਲਾਲ ਤੇ ਮਨਜੀਤ ਸ਼ਰਮਾ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਫੈਡਰੇਸ਼ਨ ਪ੍ਰਧਾਨ ਨੇ ਵੀ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਪ੍ਰਦਰਸ਼ਨ ਲਈ ਵਧਾਈ ਦਿੱਤੀ।
ਇਹ ਸਮਾਗਮ ਬੁਡੋ ਕਾਈ ਡੂ ਮਿਕਸਡ ਮਾਰਸ਼ਲ ਆਰਟਸ ਫੈਡਰੇਸ਼ਨ ਆਫ ਇੰਡੀਆ ਲਈ ਇੱਕ ਹੋਰ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ, ਜੋ ਕਿ ਦੇਸ਼ ਭਰ ਵਿੱਚ ਮਾਰਸ਼ਲ ਆਰਟਸ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।