ਚੰਡੀਗੜ੍ਹ, 2 ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਕੂਲਾਂ ਵਿੱਚ, ਪੰਜਾਬ ਸਰਕਾਰ ਨੇ ਮਿਡ-ਡੇ ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਨੇ ਮਿਡ-ਡੇ ਮੀਲ ਦੇ ਮੈਨੂੰ ਵਿੱਚ ਤਬਦੀਲੀ ਕਰ ਦਿੱਤੀ ਹੈ। ਨਵੇਂ ਹੁਕਮਾਂ ਅਨੁਸਾਰ, ਪੰਜਾਬ ਵਿੱਚ ਸਕੂਲ ਖੁਲ੍ਹਣ ਦੇ ਬਾਅਦ ਬੱਚਿਆਂ ਨੂੰ ਤਾਜ਼ਾ “ਦੇਸੀ ਘੀ ਦਾ ਹਲਵਾ” ਪਰੋਸਿਆ ਜਾਵੇਗਾ। ਇਹ ਫੈਸਲਾ ਸਕੂਲੀ ਭੋਜਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦੇ ਯਤਨਾਂ ਦਾ ਹਿੱਸਾ ਹੈ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਪੋਸ਼ਟਿਕ ਅਤੇ ਊਰਜਾ ਵਧਾਉਣ ਵਾਲਾ ਭੋਜਨ ਪ੍ਰਦਾਨ ਕਰਨਾ ਹੈ।
ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ 1 ਤੋਂ 31 ਜਨਵਰੀ ਤੱਕ ਮੀਨੂੰ ਦੇ ਅਨੁਸਾਰ ਹਰ ਬੁੱਧਵਾਰ ਨੂੰ “ਦੇਸੀ ਘੀ ਦੇ ਹਲਵੇ” ਨਾਲ ਕਾਲੇ/ਚਿੱਟੇ ਚਣੇ ਅਤੇ ਪੂੜੀ/ਚਪਾਤੀ ਪਰੋਸਣ ਦਾ ਹੁਕਮ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਪੰਜਾਬ ਵਿੱਚ ਸਕੂਲ ਇਸ ਸਮੇਂ ਸਰਦੀਆਂ ਦੀਆਂ ਛੁੱਟੀਆਂ ਕਰਕੇ ਬੰਦ ਹਨ ਅਤੇ 8 ਜਨਵਰੀ ਨੂੰ ਮੁੜ ਖੁਲ੍ਹਣਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਿਡ-ਡੇ ਮੀਲ ਵਿੱਚ ਮੌਸਮੀ ਫਲ ਸ਼ਾਮਲ ਕੀਤੇ ਸਨ।