ਜਲੰਧਰ, 31 ਦਸੰਬਰ, ਬੋਲੇ ਪੰਜਾਬ ਬਿਊਰੋ :
ਨਵੇਂ ਸਾਲ ਨੂੰ ਲੈ ਕੇ ਜਿੱਥੇ ਸਾਰੇ ਪੰਜਾਬ ਵਿੱਚ ਪੁਲਿਸ ਅਲਰਟ ‘ਤੇ ਹੈ, ਓਥੇ ਹੀ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ।ਹੁਣੇ ਹੀ ਮਿਲੀ ਜਾਣਕਾਰੀ ਅਨੁਸਾਰ ਵੰਡਰਲੈਂਡ ਪਾਰਕ (Wonderland) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਪੱਤਰ ਵਿੱਚ 31 ਦਸੰਬਰ ਅਰਥਾਤ ਅੱਜ, ਵੰਡਰਲੈਂਡ ਵਿੱਚ ਹੋਣ ਵਾਲੇ ਨਵੇਂ ਸਾਲ ਦੇ ਜਸ਼ਨ ਦੌਰਾਨ ਬੰਬ ਨਾਲ ਉਡਾਉਣ ਦੀ ਧਮਕੀ ਦੇ ਕੇ ਜਲੰਧਰ ਪੁਲਿਸ ਪ੍ਰਸ਼ਾਸਨ ਨੂੰ ਖੁੱਲਾ ਚੈਲੰਜ ਦਿੱਤਾ ਗਿਆ ਹੈ।
ਉੱਧਰ, ਇਸ ਮਾਮਲੇ ਨੂੰ ਲੈ ਕੇ ਜਲੰਧਰ ਰੂਰਲ ਪੁਲਿਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖ਼ੱਕ ਨੇ ਕਿਹਾ ਕਿ ਡਰਣ ਵਾਲੀ ਗੱਲ ਨਹੀਂ ਹੈ। ਇਹ ਸਿਰਫ਼ ਇੱਕ ਅਫਵਾਹ ਫੈਲਾਈ ਜਾ ਰਹੀ ਹੈ। ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਪੂਰੀ ਤਰ੍ਹਾਂ ਅਲਰਟ ਹੈ ਅਤੇ ਇਸ ਧਮਕੀ ਨੂੰ ਲੈ ਕੇ ਵੰਡਰਲੈਂਡ ਵਿੱਚ ਸਵੇਰੇ ਤੋਂ ਹੀ ਜਾਂਚ ਕਰ ਰਹੀ ਹੈ। ਹੁਣ ਤੱਕ ਦੀ ਜਾਂਚ ਦੌਰਾਨ ਕੁਝ ਵੀ ਸਾਹਮਣੇ ਨਹੀਂ ਆਇਆ ਹੈ।